ਮਿਸ਼ਨ ਜੀਵਨੀ ਤਹਿਤ ਐਸ.ਐਮ.ਓਜ਼ ਨਾਲ ਕੀਤੀ ਦੂਜੀ ਸਮੀਖਿਆ ਮੀਟਿੰਗ
ਲੁਧਿਆਣਾ, 2 ਸਤੰਬਰ (ਡਾ . ਤਰਲੋਚਨ ਸਿੰਘ)-ਮਿਸ਼ਨ ਜੀਵਨੀ ਦੀ ਵਿਸ਼ੇਸ਼ ਤੀਬਰ ਮੁਹਿੰਮ ਤਹਿਤ ਐਸ.
ਲੁਧਿਆਣਾ, 2 ਸਤੰਬਰ (ਡਾ .ਤਰਲੋਚਨ ਸਿੰਘ)-ਮਿਸ਼ਨ ਜੀਵਨੀ ਦੀ ਵਿਸ਼ੇਸ਼ ਤੀਬਰ ਮੁਹਿੰਮ ਤਹਿਤ ਐਸ.ਐਮ.ਓਜ ਨਾਲ ਦੂਜੀ ਸਮੀਖਿਆ ਮੀਟਿੰਗ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 25 ਅਗਸਤ ਨੂੰ ਜਾਰੀ ਨਿਰਦੇਸ਼ਾਂ ਦੀ ਪਾਲਣਾ ਦੀ ਸਮੀਖਿਆ ਕਰਦਿਆਂ ਉਚ-ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ, ਟਰੈਕਿੰਗ, ਫਾਲੋਅਪ ਅਤੇ ਕਾਊਂਸਲਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿਚ ਵਿਸ਼ੇਸ਼ ਡਿਊਟੀ, ਸ਼ਹਿਰੀ ਮਾਮਲੇ ਦੇ ਅਧਿਕਾਰੀ ਡਾ. ਪ੍ਰਗਤੀ ਵਰਮਾ, ਸਿਵਲ ਸਰਜਨ ਡਾ. ਰਮਨਦੀਪ ਕੌਰ, ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਅਮਨਪ੍ਰੀਤ ਕੌਰ, ਨੋਡਲ ਅਧਿਕਾਰੀ ਜੀਵਨਦੀਪ ਸਿੰਘ, ਸੀ.ਜੀ.ਓ. ਅੰਬਰ ਬੰਦੋਪਾਧਿਆਏ ਅਤੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਸਾਰੇ ਐਸ.ਐਮ.ਓਜ ਨੂੰ ਐਚ.ਆਰ.ਪੀ. ਦੀ ਟਰੈਕਿੰਗ ਲਈ ਮਹੀਨਾਵਾਰ ਡਿਊਟੀ ਰੋਸਟਰ ਤਿਆਰ ਕਰਨ ਅਤੇ ਬਲਾਕ ਅੰਕੜਾ ਸਹਾਇਕਾਂ ਦੇ ਸਹਿਯੋਗ ਨਾਲ ਰੋਟੇਸ਼ਨਲ ਟੈਲੀਫ਼ੋਨ ਫਾਲੋਅਪ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਹਿਲੀ ਏ.ਐਨ.ਸੀ. ਜਾਂਚ ਦੌਰਾਨ ਘੱਟ-ਜੋਖ਼ਮ ਵਾਲੀ ਪਾਈ ਗਈ ਗਰਭਵਤੀ ਬਾਅਦ ਵਿਚ ਐਚ.ਆਰ.ਪੀ. ਸ਼੍ਰੇਣੀ ਵਿਚ ਆਉਂਦੀ ਹੈ ਤਾਂ ਉਸਦੀ ਸਥਿਤੀ ਵਿਚ ਤਬਦੀਲੀ ਤੁਰੰਤ ਫਲੈਗ ਕਰਕੇ ਐਚ.ਆਰ.ਪੀ. ਡਾਟਾ ਵਿਚ ਸ਼ਾਮਲ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਆਸ਼ਾ ਵਰਕਰ ਤੋਂ ਏ.ਐਨ.ਐਮ. ਅਤੇ ਅੱਗੇ ਐਲ.ਐਚ.ਵੀ. ਅਤੇ ਬੀ.ਐਸ.ਏ. ਤੱਕ ਤੁਰੰਤ ਪਹੁੰਚਾਈ ਜਾਵੇ। ਐਚ.ਆਰ.ਪੀ. ਮਾਮਲਿਆਂ ਵਿਚ ਕਾਊਂਸਲਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਏ.ਐਨ.ਐਮ. ਵਲੋਂ ਹਰ ਕੇਸ ਸਬੰਧਿਤ ਐਸ.ਐਮ.ਓ. ਨੂੰ ਫਲੈਗ ਕੀਤਾ ਜਾਵੇਗਾ। ਐਸ.ਐਮ.ਓਜ ਆਪਣੇ ਖੇਤਰਾਂ ਵਿਚ ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਨੂੰ ਹਫ਼ਤਾਵਾਰ ਸੰਵੇਦਨਸ਼ੀਲ ਕਰਨ ਦੇ ਨਾਲ ਕਾਰਵਾਈ ਰਿਪੋਰਟ ਪੇਸ਼ ਕਰਨਗੇ ਅਤੇ ਹਰੇਕ ਬਲਾਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀ ਆਸ਼ਾ ਵਰਕਰ ਦਾ ਨਾਮ ਵੀ ਭੇਜਣਗੇ। ਉਨ੍ਹਾਂ ਕਿਹਾ ਕਿ ਹਰ ਐਚ.ਆਰ.ਪੀ. ਮਰੀਜ਼ ਨੂੰ ਇਲਾਜ ਕਰ ਰਹੀ ਡਾਕਟਰ ਵਲੋਂ ਸਪਸ਼ਟ ਤੌਰ ’ਤੇ ਦੱਸਿਆ ਜਾਵੇ ਕਿ ਅਗਲੇ ਪ੍ਰਬੰਧਨ ਲਈ ਉਸ ਨੂੰ ਕਿੱਥੇ ਜਾਣਾ ਹੈ। ਇਸ ਤੋਂ ਇਲਾਵਾ ਐਸ.ਐਮ.ਓਜ ਆਪਣੇ ਅਧਿਕਾਰ ਖੇਤਰਾਂ ਅਧੀਨ ਪੈਂਦੇ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦਾ ਨਿਰੀਖਣ ਕਰਨ। ਕੂਮਕਲਾਂ ਅਤੇ ਸਾਹਨੇਵਾਲ ਬਲਾਕਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ ਗਈ। ਸਾਰੇ ਸਬੰਧਿਤ ਅਧਿਕਾਰੀਆਂ ਨੂੰ 8 ਸਤੰਬਰ ਤੱਕ ਆਪਣੀਆਂ ਪਾਲਣਾ ਰਿਪੋਰਟਾਂ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।