ਨਸ਼ੇ ਲਈ ਪੈਸੇ ਨਾ ਦੇਣ ’ ਤੇ ਨੌਜਵਾਨ ਨੇ ਪਤਨੀ ਅਤੇ ਸੱਸ ਦੀ ਕੀਤੀ ਕੁੱਟਮਾਰ
ਲੁਧਿਆਣਾ, 10 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁਖਦੇਵ ਨਗਰ ਵਿਚ ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਸੱਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਕਤਲ ਦੇ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ।
ਲੁਧਿਆਣਾ, 10 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁਖਦੇਵ ਨਗਰ ਵਿਚ ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਸੱਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਕਤਲ ਦੇ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ। ਪੂਰੀ ਘਟਨਾ ਦੀ ਸੀ.ਸੀ. ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਜ਼ਖਮੀਆਂ ਦਾ ਡਾਕਟਰੀ ਮੁਆਇਨਾ ਕਰਵਾਇਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਦੀ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਹਰਜੀਤ ਕੌਰ ਦਾ ਵਿਆਹ ਸੱਤ ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਇਕ ਛੇ ਸਾਲ ਦੀ ਧੀ ਵੀ ਹੈ। ਕੁੱਝ ਸਾਲ ਪਹਿਲਾਂ ਗੁਰਵਿੰਦਰ ਨੇ ਇਕ ਔਰਤ ਦਾ ਕਤਲ ਕੀਤਾ ਸੀ, ਜਿਸ ਲਈ ਉਸ ਨੇ ਚਾਰ ਸਾਲ ਜੇਲ੍ਹ ਕੱਟੀ। ਅਪ੍ਰੈਲ ਵਿਚ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਉਹ ਆਪਣੇ ਸਹੁਰਿਆਂ ਨਾਲ ਰਹਿਣ ਲੱਗ ਪਿਆ। ਥੋੜ੍ਹੀ ਦੇਰ ਬਾਅਦ ਉਸ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਸ਼ੀਲੇ ਪਦਾਰਥਾਂ ਦੇ ਕੈਪਸੂਲ ਲਈ ਰੋਜ਼ਾਨਾ 500 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਬੀਤੇ ਦਿਨ ਵੀ ਉਸ ਨੇ ਨਸ਼ੇ ਲਈ 30 ਹਜ਼ਾਰ ਦੀ ਮੰਗ ਕੀਤੀ, ਜਦੋਂ ਉਨ੍ਹਾਂ ਨੇ ਉਸ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਕਥਿਤ ਦੋਸ਼ੀ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਘਰ ਦੇ ਦਰਵਾਜ਼ੇ ਤੋੜ ਦਿੱਤੇ। ਸਿੱਟੇ ਵਜੋਂ ਉਹ ਅਤੇ ਉਸ ਦੀ ਲੜਕੀ ਹਰਜੀਤ ਕੌਰ ਜ਼ਖਮੀ ਹੋ ਗਈ। ਇਹ ਸਾਰੀ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਇਹਨਾਂ ਔਰਤਾਂ ਵਲੋਂ ਇਹ ਫੁਟੇਜ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।