ਹਰਨਾਮਪੁਰਾ ਵਿਖੇ ਹੁਨਰ ਵਿਕਾਸ ਜਾਗਰੂਕਤਾ ਕੈਂਪ ਲਗਾਇਆ
ਆਲਮਗੀਰ, 28 ਸਤੰਬਰ (ਜਰਨੈਲ ਸਿੰਘ ਪੱਟੀ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੀ. ਐੱਸ.
ਜ
ਜਾਗਰੂਕਤਾ ਕੈਂਪ ਮੌਕੇ ਹਾਜ਼ਰ ਵਿਦਿਆਰਥੀਆਂ ਨਾਲ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਅਤੇ ਹੋਰ। ਤਸਵੀਰ-ਜਰਨੈਲ ਸਿੰਘ ਪੱਟੀ
29-09-2026
ਆਲਮਗੀਰ, 28 ਸਤੰਬਰ (ਜਰਨੈਲ ਸਿੰਘ ਪੱਟੀ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੀ. ਐੱਸ. ਸੀ. ਐਗਰੀਕਲਚਰ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਵਲੋਂ ‘ਰੂਰਲ ਐਗਰੀਕਲਚਰਲ ਵਰਕ ਐਕਸਪੀਰੀਅੰਸ’ ਪ੍ਰੋਗਰਾਮ ਤਹਿਤ ਪਿੰਡ ਹਰਨਾਮਪੁਰਾ ਵਿਖੇ ਕਿਸਾਨਾਂ ਲਈ ਹੁਨਰ ਵਿਕਾਸ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਵੱਖ-ਵੱਖ ਹੁਨਰ ਵਿਕਾਸ ਸਿਖਲਾਈਆਂ ਅਤੇ ਖੇਤੀ ਦੇ ਨਾਲ ਵਾਧੂ ਆਮਦਨ ਦੇ ਮੌਕਿਆਂ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਸਿਖਲਾਈਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮਧੂ ਮੱਖੀ ਪਾਲਨ, ਖੁੰਬਾਂ ਦੀ ਕਾਸ਼ਤ, ਤੇਲ ਬੀਜ ਫ਼ਸਲਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ, ਸ਼ੱਕਰ ਤੇ ਗੁੜ ਤਿਆਰ ਕਰਨ ਦੇ ਸੁਰੱਖਿਅਤ ਤਰੀਕਿਆਂ ਅਤੇ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵਿਸ਼ੇਸ਼ ਤੌਰ ‘ਤੇ ਵਿਸਥਾਰ ਨਾਲ ਦੱਸਣ ਤੋਂ ਇਲਾਵਾ ਹੋਰ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਅਤੇ ਸਵਾਲ ਜਵਾਬ ਸੈਸ਼ਨ ਵੀ ਕਰਵਾਇਆ ਗਿਆ। ਕਿਸਾਨਾਂ ਨੇ ਵੱਖ-ਵੱਖ ਸਿਖਲਾਈਆਂ ਸਬੰਧੀ ਆਪਣੇ ਸਵਾਲ ਅਤੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਦੇ ਵਿਦਿਆਰਥੀਆਂ ਵਲੋਂ ਜਵਾਬ ਦਿੱਤੇ ਗਏ। ਵਿਦਿਆਰਥੀਆਂ ਨੇ ਖੇਤੀਬਾੜੀ ਵਿਚ ਵਿਭਿੰਨਤਾ, ਮੁੱਲ ਵਾਧਾ ਅਤੇ ਹੁਨਰ ਆਧਾਰਿਤ ਗਤੀਵਿਧੀਆਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਮੌਕੇ ਵਿਦਿਆਰਥੀਆਂ ਅਤੇ ਕਿਸਾਨਾਂ ਵਿਚਕਾਰ ਗਿਆਨ ਦੇ ਅਦਾਨ ਪ੍ਰਦਾਨ ਲਈ ਇਕ ਉਪਯੋਗੀ ਮੰਚ ਬਣਿਆ ਅਤੇ ‘ਰੂਰਲ ਐਗਰੀਕਲਚਰਲ ਵਰਕ ਐਕਸਪੀਰੀਅੰਸ’ ਪ੍ਰੋਗਰਾਮ ਤਹਿਤ ਵਿ ਦਿਆਰਥੀਆਂ ਨੂੰ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਕੇ ਖੇਤੀਬਾੜੀ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਨੈਸ਼ਨਲ ਐਵਾਰਡੀ ਤੇ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਚਹਿਲ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਕਿਸਾਨਾਂ ਨਾਲ ਖੇਤੀਬਾੜੀ ਸਬੰਧਿਤ ਜਾਣਕਾਰੀ ਸਾਂਝੀ ਕਰਕੇ ਕਿਸਾਨਾਂ ਦੇ ਗਿਆਨ ਵਿਚ ਵੱਡਾ ਵਾਧਾ ਕੀਤਾ ਗਿਆ ਹੈ। ਉਕਤ ਆਗੂਆਂ ਨੇ ਵਿਦਿਆਰਥੀਆਂ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਭਰਾ ਹਾਜ਼ਰ ਸਨ।