ਵੈਟਰਨਰੀ ਯੂਨੀਵਰਸਿਟੀ ਵਿਖੇ ਜੀਨੋਮ ਸੰਪਾਦਨ ਬਾਰੇ ਅੰਤਰਰਾਸ਼ਟਰੀ ਗੋਸ਼ਟੀ ਦੀ ਸ਼ੁਰੂਆਤ
ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਭੋਜਨ ਸੁਰੱਖਿਆ ਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਐਡਿਟਿੰਗ (ਸੰਪਾਦਨ) ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਟੀ ਸ਼ੁਰੂ ਹੋਈ। ਇਸ ਵਿਚ ਭਾਰਤ, ਕੈਨੇਡਾ ਤੇ ਜਰਮਨੀ ਦੇ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਖੋਜ-ਕਰਤਾ ਇਕੱਠੇ ਹੋਏ ਹਨ।
ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਭੋਜਨ ਸੁਰੱਖਿਆ ਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਐਡਿਟਿੰਗ (ਸੰਪਾਦਨ) ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਟੀ ਸ਼ੁਰੂ ਹੋਈ। ਇਸ ਵਿਚ ਭਾਰਤ, ਕੈਨੇਡਾ ਤੇ ਜਰਮਨੀ ਦੇ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਖੋਜ-ਕਰਤਾ ਇਕੱਠੇ ਹੋਏ ਹਨ। ਗੋਸ਼ਟੀ ਦਾ ਉਦਘਾਟਨ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਇਹ ਪ੍ਰੋਗਰਾਮ ਕੈਨੇਡਾ ਦੇ ਖੋਜ ਉਪਰਾਲੇ ਦੀ ਪਹਿਲਕਦਮੀ ਅਤੇ ਸਹਿਯੋਗ ਨਾਲ ਚੱਲ ਰਿਹਾ ਹੈ, ਜਿਸ ਵਿਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਸਸਕੈਚਵਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਭਾਈਵਾਲ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ, ਇਸ ਪ੍ਰੋਗਰਾਮ ਨੇ ਗ੍ਰੈਜੂਏਟ ਕੋਰਸਾਂ, ਸੈਮੀਨਾਰਾਂ ਅਤੇ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮਾਂ ਰਾਹੀਂ ਵਿਭਿੰਨ ਤਕਨੀਕਾਂ ਵਿਚ ਉਨਤ ਸਿਖਲਾਈ ਪ੍ਰਦਾਨ ਕੀਤੀ ਹੈ। ਡਾ. ਜਸਵਿੰਦਰ ਸਿੰਘ, ਨਿਰਦੇਸ਼ਕ ਮੈਕਗਿਲ ਯੂਨੀਵਰਸਿਟੀ, ਕੈਨੇਡਾ ਨੇ ਇਸ ਪਹਿਲਕਦਮੀ ਦੇ ਵਿਕਾਸ ਦਾ ਜ਼ਿਕਰ ਕੀਤਾ ਅਤੇ ਭਾਈਵਾਲ ਸੰਸਥਾਵਾਂ ਦੇ ਯੋਗਦਾਨ ਨੂੰ ਵਿਚਾਰਿਆ। ਆਨਲਾਈਨ ਤੌਰ ’ਤੇ ਸ਼ਾਮਿਲ ਹੋ ਕੇ, ਡਾ. ਬਲਜੀਤ ਸਿੰਘ, ਵਾਈਸ-ਪ੍ਰੈਜ਼ੀਡੈਂਟ (ਖੋਜ), ਸਸਕੈਚਵਨ ਯੂਨੀਵਰਸਿਟੀ, ਨੇ ਅੰਤਰ-ਅਨੁਸ਼ਾਸਨੀ ਖੋਜ ਤੇ ਪ੍ਰਯੋਗਸ਼ਾਲਾ ਖੋਜਾਂ ਨੂੰ ਵਿਹਾਰਕ ਹੱਲਾਂ ਵਿਚ ਤਬਦੀਲ ਕਰਨ ‘ਤੇ ਜ਼ੋਰ ਦਿੱਤਾ। ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਖੇਤਰੀ-ਪੱਧਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਕਿਸਾਨ ਭਾਈਚਾਰੇ ਨੂੰ ਲਾਭ ਪਹੁੰਚਾਉਣ ‘ਤੇ ਕੇਂਦਰਿਤ ਹੱਲ-ਮੁਖੀ ਖੋਜ ’ਤੇ ਜ਼ੋਰ ਦਿੱਤਾ।ਵਿਭਿੰਨ ਸੈਸ਼ਨਾਂ ਵਿਚ ਡਾ. ਦੇਬਾਸਿਸ ਦਾਸ, ਡਾਇਰੈਕਟਰ, ਇੰਸਟੀਚਿਊਟ ਆਫ਼ ਲਾਈਫ਼ ਸਾਇੰਸਜ਼, ਭੁਵਨੇਸ਼ਵਰ ਸ਼ਾਮਿਲ ਹੋਏ, ਜਿਨ੍ਹਾਂ ਨੇ ਸਮੁੰਦਰੀ ਬਾਇਓ ਟੈਕਨਾਲੋਜੀ ‘ਤੇ ਚਰਚਾ ਕੀਤੀ। ਡਾ. ਅਸ਼ਵਨੀ ਪਾਰਿਕ, ਮੋਹਾਲੀ ਨੇ ਖੇਤੀਬਾੜੀ ਵਿਚ ਜੀਨੋਮ ਸੰਪਾਦਨ ‘ਤੇ ਚਾਨਣਾ ਪਾਇਆ, ਡਾ. ਮਨੋਜ ਪ੍ਰਸਾਦ, ਨਵੀਂ ਦਿੱਲੀ ਨੇ ਪੌਦਿਆਂ ਦੇ ਜੀਨੋਮਿਕਸ, ਵਿਗਿਆਨਕ ਅਨੁਵਾਦ ਤੇ ਸਲਾਹ-ਮਸ਼ਵਰੇ ‘ਤੇ ਗੱਲ ਕੀਤੀ ਅਤੇ ਡਾ. ਰਵੀ ਕੁਮਾਰ ਗੰਧਮ, ਹੈਦਰਾਬਾਦ ਨੇ ਜ਼ੇਬੂ ਗਾਂ ਸੁਧਾਰ ਅਤੇ ਟਿਕਾਊ ਪਸ਼ੂ-ਧਨ ਉਤਪਾਦਨ ਵਿਚ ਜੀਨੋਮਿਕਸ ਦੀ ਭੂਮਿਕਾ ਨੂੰ ਉਜਾਗਰ ਕੀਤਾ।