ਕਿਸਾਨਾਂ ਲਈ ਸਿਖਲਾਈ ਕੈਂਪ ਲਗਾਇਆ
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਪੀ. ਏ.
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਕਿਸਾਨ ਕਲੱਬ ਵਲੋਂ ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿਖੇ ਮਹੀਨਾਵਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਲਗਪਗ 75 ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਕਰਦਿਆਂ ਕਿਸਾਨ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਭਾਗ ਲੈਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਰਵਿੰਦਰ ਚੰਦੀ, ਕੀਟ ਵਿਗਿਆਨ ਵਿਭਾਗ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬੀਜ ਸੋਧ ਤੇ ਕੀਟ ਪ੍ਰਬੰਧਨ ਬਾਰੇ ਦੱਸਿਆ। ਫ਼ਸਲ ਵਿਗਿਆਨੀ ਡਾ. ਤਰੁਨਦੀਪ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਸਬਜ਼ੀ ਵਿਗਿਆਨੀ ਡਾ. ਰੁਮਾ ਦੇਵੀ ਨੇ ਲੋਅ ਟਨਲ ਰਾਹੀਂ ਸਬਜ਼ੀਆਂ ਦੀ ਕਾਸ਼ਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਡਾ. ਨਿਸ਼ਾ, ਜੀਵ ਵਿਗਿਆਨ ਵਿਭਾਗ ਨੇ ਖੇਤੀਬਾੜੀ ਵਿੱਚ ਪੰਛੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਸੁਸ਼ਾਂਤ ਗੁਪਤਾ, ਨੇ ਕਿਸਾਨ ਦੋਸਤ ਐਪ ਦੀਆਂ ਵਿਸ਼ੇਸ਼ਤਾਵਾਂ, ਲਾਭਾਂ ਅਤੇ ਇਸ ਦੀ ਵਿਹਾਰਕ ਵਰਤੋਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੇ ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਕਿਸਾਨਾਂ ਨੂੰ ਅਜਿਹੇ ਸਿਖਲਾਈ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਦਾ ਤਾਲਮੇਲ ਵਰਿੰਦਰ ਸਿੰਘ, ਕੈਰੋਂ ਕਿਸਾਨ ਘਰ ਵੱਲੋਂ ਕੀਤਾ ਗਿਆ।