ਦੀਵਾਲੀ ਮੌਕੇ ਸ਼ਹਿਰ ਵਿਚ ਵੱਖ - ਵੱਖ ਚਾਰ ਥਾਵਾਂ ’ ਤੇ ਚੱਲੀਆਂ ਗੋਲੀਆਂ
ਲੁਧਿਆਣਾ, 9 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਸ਼ਹਿਰ ਵਿਚ ਦੀਵਾਲੀ ਮੌਕੇ ਵੱਖ-ਵੱਖ ਚਾਰ ਥਾਵਾਂ ’ਤੇ ਚੱਲੀਆਂ ਗੋਲੀਆਂ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਹਥਿਆਰਬੰਦ ਨੌਜਵਾਨ ਵਲੋਂ ਚਲਾਈਆਂ ਗੋਲੀਆਂ ਵਿਚ ਪੱਤਰਕਾਰ ਜੋੜਾ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਪੀ.
ਲੁਧਿਆਣਾ, 9 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਸ਼ਹਿਰ ਵਿਚ ਦੀਵਾਲੀ ਮੌਕੇ ਵੱਖ-ਵੱਖ ਚਾਰ ਥਾਵਾਂ ’ਤੇ ਚੱਲੀਆਂ ਗੋਲੀਆਂ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਹਥਿਆਰਬੰਦ ਨੌਜਵਾਨ ਵਲੋਂ ਚਲਾਈਆਂ ਗੋਲੀਆਂ ਵਿਚ ਪੱਤਰਕਾਰ ਜੋੜਾ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਪੀ. ਏ. ਯੂ. ਗੇਟ ਨੰਬਰ-8 ਦੇ ਬਾਹਰ ਐਕਟਿਵਾ ਸਵਾਰ ਇਕ ਨੌਜਵਾਨ ਵਲੋਂ ਕਾਰ ’ਤੇ ਜਾ ਰਹੇ ਪੱਤਰਕਾਰ ਗਗਨਦੀਪ ਅਰੋੜਾ ਅਤੇ ਉਸ ਦੀ ਪਤਨੀ ਨਵਨੀਤ ਕੌਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਗਨਦੀਪ ਅਰੋੜਾ ਆਪਣੀ ਪਤਨੀ ਨਾਲ ਖਾਣਾ ਖਾ ਕੇ ਘਰ ਵਾਪਸ ਪਰਤ ਰਹੇ ਸਨ, ਜਦੋਂ ਉਹ ਪੀ.ਏ.ਯੂ. ਗੇਟ ਨੰਬਰ 8 ਦੇ ਨੇੜੇ ਪਹੁੰਚੇ ਤਾਂ ਐਕਟਿਵਾ ਸਵਾਰ ਨੌਜਵਾਨ ਨੇ ਉਨ੍ਹਾਂ ਦੀ ਕਾਰ ਅੱਗੇ ਐਕਟਿਵਾ ਲਗਾ ਦਿੱਤਾ, ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਇਸ ਹਥਿਆਰਬੰਦ ਨੌਜਵਾਨ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਗਨਦੀਪ ਨੇ ਦੱਸਿਆ ਕਿ ਉਹ ਫਟਾਫਟ ਆਪਣੀ ਕਾਰ ਵਿਚ ਬੈਠ ਗਿਆ ਤੇ ਉਸ ਨੇ ਕਾਰ ਭਜਾ ਲਈ, ਪਰ ਇਹ ਨੌਜਵਾਨ ਉਨ੍ਹਾਂ ਦੇ ਪਿੱਛੇ ਆ ਗਿਆ ਅਤੇ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ। ਇਸ ਦੌਰਾਨ ਇਹਨਾਂ ਵਿਚੋਂ ਇਕ ਗੋਲੀ ਉਸ ਦੀ ਕਾਰ ’ਤੇ ਵੀ ਲੱਗੀ। ਗਗਨਦੀਪ ਨੇ ਦੱਸਿਆ ਕਿ ਮਲਹਾਰ ਰੋਡ ਤੱਕ ਕਰੀਬ ਦੋ ਕਿੱਲੋਮੀਟਰ ਤੱਕ ਇਸ ਨੌਜਵਾਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬਾਅਦ ਵਿਚ ਫ਼ਰਾਰ ਹੋ ਗਿਆ। ਗਗਨਦੀਪ ਨੇ ਇਸ ਦੀ ਸੂਚਨਾ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ ਅਤੇ ਨੌਜਵਾਨ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿਚ ਸਥਾਨਕ ਸ਼ਿਮਲਾਪੁਰੀ ਦੇ ਇਲਾਕੇ ਨਿਊ ਗੁਰੂ ਅੰਗਦ ਦੇਵ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਵੀ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਹ ਗੋਲੀ ਉਨ੍ਹਾਂ ਦੀ ਕਾਰ ’ਤੇ ਲੱਗੀ। ਬਿੱਟਾ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ. ਟੀ.ਵੀ. ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲਈ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਨਿੱਜੀ ਰੰਜ਼ਿਸ਼ ਸਮੇਤ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਵੀ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ। ਤੀਜੇ ਅਜਿਹੇ ਮਾਮਲੇ ਵਿਚ ਸਥਾਨਕ ਦਾਣਾ ਮੰਡੀ ਵਿਚ ਝੁੱਗੀ ਵਿਚ ਸੌਂ ਰਹੇ ਇਕ ਬੱਚੇ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਏ ਬੱਚੇ ਦੀ ਸ਼ਨਾਖ਼ਤ ਕ੍ਰਿਸ਼ਨਾ ਵਜੋਂ ਕੀਤੀ ਗਈ ਹੈ। ਉਸ ਦੀ ਉਮਰ ਪੰਜ ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਕ੍ਰਿਸ਼ਨਾ ਦੀ ਮਾਂ ਦੀਪਾ ਨੇ ਦੱਸਿਆ ਕਿ ਕ੍ਰਿਸ਼ਨਾ ਆਪਣੇ ਭੈਣ ਭਰਾਵਾਂ ਨਾਲ ਝੌਂਪੜੀ ਵਿਚ ਸੌਂ ਰਿਹਾ ਸੀ ਕਿ ਅਚਾਨਕ ਉਸ ਦੇ ਢਿੱਡ ਵਿਚ ਆ ਕੇ ਗੋਲੀ ਲੱਗ ਪਈ। ਲਹੂ ਲੁਹਾਨ ਹੋਇਆ ਬੱਚਾ ਚੀਕਾਂ ਮਾਰਨ ਲੱਗ ਪਿਆ। ਉਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਇਸ ਮਾਮਲੇ ਵਿਚ ਵੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਇਕ ਹੋਰ ਅਜਿਹੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਚ ਵੀ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿਚੋਂ ਇਕ ਗੋਲੀ ਤਕੇਸ਼ਵਰਨਾਥ ਦੇ ਮਕਾਨ ਦੀ ਛੱਤ ’ਤੇ ਡਿੱਗੀ, ਜਿੱਥੇ ਕਿ ਦੋ ਭੈਣਾਂ ਬੈਠੀਆਂ ਸਨ। ਖ਼ੁਸ਼ਕਿਸਮਤੀ ਨਾਲ ਉਹ ਵਾਲ ਵਾਲ ਬੱਚ ਗਈਆਂ। ਸ਼ਿਕਾਇਤਕਰਤਾ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।