2 ਸਾਲਾਂ ’ਚ ਪੰਜਵਾਂ ਨਗਰ ਨਿਗਮ ਕਮਿਸ਼ਨਰ, 22 ਦਿਨਾਂ ’ਚ ਹੀ ਬਦਲਿਆ ਪਿਛਲਾ ਕਮਿਸ਼ਨਰ
ਲੁਧਿਆਣਾ, 12 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਪ੍ਰਸ਼ਾਸਨਿਕ ਢਾਂਚੇ ਵਿਚ ਕੀਤੇ ਗਏ ਫੇਰਬਦਲ ਤਹਿਤ ਦਮਨਜੀਤ ਸਿੰਘ ਮਾਨ ਨੂੰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਸਰਾਭਾ ਨਗਰ ਸਥਿਤ ਆਪਣਾ ਅਹੁਦਾ ਸੰਭਾਲ ਲਿਆ।
ਲੁਧਿਆਣਾ, 12 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਪ੍ਰਸ਼ਾਸਨਿਕ ਢਾਂਚੇ ਵਿਚ ਕੀਤੇ ਗਏ ਫੇਰਬਦਲ ਤਹਿਤ ਦਮਨਜੀਤ ਸਿੰਘ ਮਾਨ ਨੂੰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਸਰਾਭਾ ਨਗਰ ਸਥਿਤ ਆਪਣਾ ਅਹੁਦਾ ਸੰਭਾਲ ਲਿਆ। ਉਹ 2012 ਬੈਚ ਦੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀ ਹਨ ਅਤੇ ਇਸਤੋਂ ਪਹਿਲਾਂ ਪਟਿਆਲਾ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾ ਰਹੇ ਸਨ, ਪਰ ਇਸ ਨਿਯੁਕਤੀ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਨਗਰ ਨਿਗਮ ਨੂੰ ਸਤੰਬਰ, 2024 ਤੋਂ ਹੁਣ ਤਕ ਪੰਜਵਾਂ ਕਮਿਸ਼ਨਰ ਮਿਲ ਚੁੱਕਾ ਹੈ। ਲਗਾਤਾਰ ਬਦਲ ਰਹੀ ਅਧਿਕਾਰੀਆਂ ਦੀ ਅਗਵਾਈ ਵਿਚਕਾਰ ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਨਵੇਂ ਕਮਿਸ਼ਨਰ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਨਗਰ ਨਿਗਮ ਦੇ ਲੰਮੇ ਸਮੇਂ ਤੋਂ ਚੱਲ ਰਹੇ ਪ੍ਰਬੰਧਕੀ ਅਤੇ ਬੁਨਿਆਦੀ ਸਮੱਸਿਆਵਾਂ ਵਾਲੇ ਮਸਲਿਆਂ ਨੂੰ ਕਿੰਨੀ ਗੰਭੀਰਤਾ ਨਾਲ ਹੱਲ ਕਰਦੇ ਹਨ। 22 ਦਿਨਾਂ ਦਾ ਕਾਰਜਕਾਰ ਵੀ ਬਣਿਆ ਚਰਚਾ ਦਾ ਵਿਸ਼ਾ- ਨਵੇਂ ਕਮਿਸ਼ਨਰ ਦੀ ਨਿਯੁਕਤੀ ਤੋਂ ਪਹਿਲਾਂ ਡਾ. ਅੰਕੁਰ ਮਹਿੰਦਰੂ ਇਸ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੇ 19 ਅਕਤੂਬਰ ਨੂੰ ਅਹੁਦਾ ਸੰਭਾਲਿਆ ਸੀ, ਪਰ ਮਹਿਜ਼ 22 ਦਿਨਾਂ ਬਾਅਦ ਹੀ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਗਾਇਆ ਗਿਆ। ਇਸ ਤੋਂ ਪਹਿਲਾਂ ਓਜਸਵੀ ਅਲੰਕਾਰ, ਡਾ. ਨੀਰੂ ਕਤਿਆਲ ਗੁਪਤਾ ਅਤੇ ਅਦਿੱਤਿਆ ਡੇਚਲਵਾਲ ਵੀ ਇਸ ਅਹੁਦੇ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤਰ੍ਹਾਂ ਨਿਗਮ ਦੇ ਉਚ ਪ੍ਰਸ਼ਾਸਨਿਕ ਅਹੁਦੇ ’ਤੇ ਵਾਰ-ਵਾਰ ਹੋ ਰਹੀਆਂ ਤਬਦੀਲੀਆਂ ਨੇ ਪ੍ਰਬੰਧਕੀ ਨਿਰੰਤਰਤਾ ਸਬੰਧੀ ਸਵਾਲ ਖੜ੍ਹੇ ਕੀਤੇ ਹਨ। ਨਵੇਂ ਕਮਿਸ਼ਨਰ ਸਾਹਮਣੇ ਚੁਣੌਤੀਆਂ ਦਾ ਵੱਡਾ ਪਹਾੜ- ਲੁਧਿਆਣਾ ਪੰਜਾਬ ਦੇ ਸਭ ਤੋਂ ਵੱਡੇ ਤੇ ਸਨਅਤੀ ਪੱਖੋਂ ਮਹੱਤਵਪੂਰਨ ਸ਼ਹਿਰਾਂ ਵਿਚੋਂ ਇਕ ਹੈ। ਵਧਦੀ ਆਬਾਦੀ, ਫੈਲਦਾ ਸ਼ਹਿਰੀ ਖੇਤਰ ਤੇ ਰੋਜ਼ਾਨਾ ਵੱਧ ਰਹੀਆਂ ਨਾਗਰਿਕ ਲੋੜਾਂ ਕਾਰਨ ਨਗਰ ਨਿਗਮ ਦੀ ਜ਼ਿੰਮੇਵਾਰੀ ਵੀ ਕਾਫ਼ੀ ਵੱਧ ਗਈ ਹੈ। ਠੋਸ ਕੂੜਾ ਪ੍ਰਬੰਧਨ, ਗਲੀਆਂ ਸੜਕਾਂ ਦੀ ਮਾੜੀ ਹਾਲਤ, ਸੀਵਰੇਜ ਦੀ ਸਮੱਸਿਆ, ਬਰਸਾਤੀ ਪਾਣੀ ਦੀ ਨਿਕਾਸੀ, ਸਟਰੀਟ ਲਾਈਟਾਂ ਤੇ ਸਫ਼ਾਈ ਪ੍ਰਬੰਧ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਸੁਧਾਰ ਦੀ ਉਡੀਕ ਕਰ ਰਹੇ ਹਨ। ਇਸਤੋਂ ਇਲਾਵਾ ਨਗਰ ਨਿਗਮ ਦੀ ਆਮਦਨ ਵਧਾਉਣਾ, ਬਕਾਇਆ ਟੈਕਸਾਂ ਦੀ ਵਸੂਲੀ, ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਾ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਬਚਾ ਕੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਵੀ ਨਵੇਂ ਕਮਿਸ਼ਨਰ ਲਈ ਅਹਿਮ ਯੋਗਦਾਨ ਹੋਵੇਗਾ। ਸਿਰਫ਼ ਮੀਟਿੰਗਾਂ ਨਹੀਂ, ਜ਼ਮੀਨੀ ਪੱਧਰ ’ਤੇ ਨਤੀਜਿਆਂ ਦੀ ਉਡੀਕ- ਅਹੁਦਾ ਸੰਭਾਲਣ ਤੋਂ ਬਾਅਦ ਦਮਨਜੀਤ ਸਿੰਘ ਮਾਨ ਨੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਸਵਾਲ ਇਹ ਹੈ ਕਿ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਇਹ ਮੀਟਿੰਗਾਂ ਕੇਵਲ ਖਾਨਾਪੂਰਤੀ ਬਣ ਕੇ ਨਾ ਰਹਿ ਜਾਣ, ਇਨ੍ਹਾਂ ਦਾ ਅਸਰ ਜ਼ਮੀਨੀ ਪੱਧਰ ’ਤੇ ਵੀ ਦਿੱਖਣਾ ਚਾਹੀਦਾ ਹੈ। ਹੁਣ ਸਬ ਤੋਂ ਵੱਡਾ ਸਾਲ ਇਹ ਹੈ ਕਿ ਕੀ ਕੀ ਨਵੇਂ ਕਮਿਸ਼ਨਰ ਨਗਰ ਨਿਗਮ ਦੇ ਕੰਮਕਾਜ ਵਿਚ ਸਥਿਰਤਾ ਲਿਆਉਣ ਦੇ ਨਾਲ-ਨਾਲ ਸ਼ਹਿਰ ਦੀਆਂ ਪੁਰਾਣੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰ ਸਕਣਗੇ? ਕੀ ਸਫ਼ਾਈ, ਸੀਵਰੇਜ ਅਤੇ ਸੜਕਾਂ ਦੀ ਹਾਲਤ ਵਿਚ ਅਸਲ ਸੁਧਾਰ ਦਿਖਾਈ ਦੇਵੇਗਾ ਜਾਂ ਇਹ ਤਬਦੀਲੀ ਵੀ ਸਿਰਫ਼ ਅਧਿਕਾਰੀਆਂ ਦੀ ਅਦਲਾ-ਬਦਲੀ ਤਕ ਹੀ ਸੀਮਤ ਰਹੇਗੀ। ਇਨ੍ਹਾਂ ਸਵਾਲਾਂ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।