ਕਾਵਿ ਪੁਸਤਕ ‘’ ਸੁੱਚੇ ਮੋਤੀ ’’ ਪ੍ਰੋ . ਗੁਰਭਜਨ ਸਿੰਘ ਗਿੱਲ ਵਲੋਂ ਲੋਕ ਅਰਪਣ
ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਸਥਾਨਕ ਪੰਜਾਬੀ ਭਵਨ ਵਿਖੇ ਚੰਡੀਗੜ੍ਹ ਵੱਸਦੀ ਪੰਜਾਬੀ ਕਵਿੱਤਰੀ ਡਾ.
ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਸਥਾਨਕ ਪੰਜਾਬੀ ਭਵਨ ਵਿਖੇ ਚੰਡੀਗੜ੍ਹ ਵੱਸਦੀ ਪੰਜਾਬੀ ਕਵਿੱਤਰੀ ਡਾ. ਰਜਿੰਦਰ ਰੇਣੂ ਦੀ ਕਾਵਿ ਪੁਸਤਕ ‘’ਸੁੱਚੇ ਮੋਤੀ’’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਾਇਰੀ ਧੀਆਂ ਭੈਣਾਂ ਦੇ ਮਨ ਦਾ ਸ਼ੀਸ਼ਾ ਹੁੰਦਾ ਹੈ। ਉਹ ਆਦਮੀਆਂ ਵਾਂਗ ਦੋ ਚਿਹਰਿਆਂ ਵਾਲੀ ਕਵਿਤਾ ਨਹੀਂ ਲਿਖਦੀਆਂ, ਸਗੋਂ ਪਾਰਦਰਸ਼ੀ ਭਾਵਨਾ ਨਾਲ ਕਾਵਿ ਸਿਰਜਣਾ ਕਰਦੀਆਂ ਹਨ। ‘’ਸੁੱਚੇ ਮੋਤੀ’’ ਦੀ ਸਿਰਜਕ ਰੇਣੂ ਵੀ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿਚ ਇਹ ਧਰਮ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿਚ ਧਰਮ ਵੀ ਹੈ ਤੇ ਆਸਥਾ ਵੀ, ਪਰ ਇਹ ਦੋਵੇਂ ਆਪਣੇ ਅਸਲ ਅਰਥਾਂ ਵਿਚ ਪੇਸ਼ ਹਨ, ਪ੍ਰਚੱਲਿਤ ਵਰਤਮਾਨ ਅਰਥਾਂ ਵਿਚ ਨਹੀਂ। ਪੰਜਾਬੀ ਸਾਹਿੱਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਤ੍ਰੈਲੋਚਨ ਲੋਚੀ ਨੇ ਡਾ. ਰਾਜਿੰਦਰ ਰੇਣੂ ਨੂੰ ਸਰੋਦੀ ਕਵਿਤਾ ਦੀ ਸਿਰਜਕ ਵਜੋਂ ਸਲਾਹਿਆ। ਇਸ ਮੌਕੇ ਪੰਜਾਬੀ ਸਾਹਿੱਤ ਅਕਾਦਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ, ਅਕਾਦਮੀ ਦੇ ਸਰਪ੍ਰਸਤ ਹਰਕੇਸ਼ ਮਿੱਤਲ, ਕਵਿੱਤਰੀ ਹਰਸਿਮਰਨ ਕੌਰ ਐਡਵੋਕੇਟ, ਅਮਰਜੀਤ ਸ਼ੇਰਪੁਰੀ ਤੇ ਹਰਵਿੰਦਰ ਥਰੀਕੇ ਹਾਜ਼ਰ ਸਨ।