ਜ਼ੀਰਕਪੁਰ, 1 ਜਨਵਰੀ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਉਸ 'ਤੇ ਹਮਲਾ ਕਰਨ, ਧਮਕੀਆਂ ਦੇਣ ਤੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਪਰਮ ਚਾਵਲਾ ਵਾਸੀ ਅਸਮਿਤਾ ਹੋਮਜ਼ ਢਕੌਲੀ ਨੇ ਦੱਸਿਆ ਕਿ 20 ਦਸੰਬਰ ਦੀ ਰਾਤ ਨੂੰ ਕਰੀਬ 8 ਵਜੇ ਉਹ ਕੁਝ ਸਾਮਾਨ ਖ਼ਰੀਦਣ ਲਈ ਘਰੋਂ ਨਿਕਲਿਆ ਸੀ | ਇਸੇ ਦੌਰਾਨ ਢਕੌਲੀ ਪਾਰਕ ਨੇੜੇ ਉਸ ਨੂੰ ਸੁਮਿਤ ਬਨਵਾਲਾ ਵਾਸੀ ਮੁਹਾਲੀ ਤੇ ਦੀਪਕ ਮਲਿਕ ਵਾਸੀ ਹਰਿਆਣਾ ਮਿਲੇ | ਉਸ ਨੇ ਦੱਸਿਆ ਕਿ ਦੀਪਕ ਕਥਿਤ ਤੌਰ 'ਤੇ ਜ਼ਬਰਦਸਤੀ ਉਸ ਦੀ ਐਕਟਿਵਾ 'ਤੇ ਬੈਠ ਗਿਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ | ਫ਼ਿਰ ਦੋਵੇਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਵੱਖ-ਵੱਖ ਥਾਵਾਂ 'ਤੇ ਲੈ ਗਏ | ਪੀੜਤ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਤੋਂ ਲਗਪਗ 5 ਹਜ਼ਾਰ ਰੁ. ਦੀ ਨਕਦੀ, ਇਕ ਸੋਨੇ ਦੀ ਅੰਗੂਠੀ, ਇਕ ਸੋਨੇ ਦੀ ਚੇਨ ਤੇ ਉਸ ਦਾ ਐਕਟਿਵਾ ਖੋਹ ਕੇ ਲੈ ਗਏ | ਕੁੱਟਮਾਰ ਦੌਰਾਨ ਪੀੜਤ ਕਿਸੇ ਤਰ੍ਹਾਂ ਭੱਜਣ ਵਿਚ ਕਾਮਯਾਬ ਹੋ ਗਿਆ ਤੇ ਜੋਤੀ ਹਸਪਤਾਲ ਪਹੁੰਚ ਗਿਆ | ਜਾਂਚ ਦੌਰਾਨ ਪੁਲਿਸ ਨੇ ਜੀ. ਐੱਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਅਤੇ ਸੀ. ਐੱਚ. ਸੀ. ਢਕੌਲੀ ਤੋਂ ਮੈਡੀਕਲ ਰਿਪੋਰਟਾਂ ਪ੍ਰਾਪਤ ਕੀਤੀਆਂ, ਜਿਸ ਵਿਚ ਸੱਟਾਂ ਲੱਗਣ ਦੀ ਪੁਸ਼ਟੀ ਹੋਈ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪੀੜਤ ਮੁਲਜ਼ਮਾਂ ਨੂੰ ਪਹਿਲਾਂ ਤੋਂ ਜਾਣਦਾ ਸੀ | ਪੁਲਿਸ ਨੇ ਜਾਂਚ ਦੇ ਆਧਾਰ 'ਤੇ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |