ਡੇਰਾਬੱਸੀ, 1 ਜਨਵਰੀ (ਗੁਰਮੀਤ ਸਿੰਘ)-ਰਾਮਗੜ੍ਹ ਸੜਕ 'ਤੇ ਸੀ. ਟੀ. ਯੂ. ਬੱਸ ਵਲੋਂ ਆਟੋ ਨੂੰ ਟੱਕਰ ਮਾਰੇ ਜਾਣ ਕਾਰਨ ਆਟੋ ਪਲਟ ਗਿਆ, ਜਿਸ ਕਾਰਨ ਆਟੋ ਸਵਾਰ 3 ਸਵਾਰੀਆਂ ਜ਼ਖ਼ਮੀ ਹੋ ਗਈਆਂ | ਹਾਦਸੇ ਮਗਰੋਂ ਬੱਸ ਚਾਲਕ ਮੌਕੇ 'ਤੇ ਹੀ ਬੱਸ ਛੱਡ ਕੇ ਫ਼ਰਾਰ ਹੋ ਗਿਆ | ਬਾਅਦ 'ਚ ਰਾਹਗੀਰਾਂ ਨੇ ਆਟੋ ਸਿੱਧਾ ਕੀਤਾ ਅਤੇ ਜ਼ਖ਼ਮੀ ਸਵਾਰੀਆਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ | ਬੱਸ ਕੰਡਕਟਰ ਮੌਕੇ 'ਤੇ ਹੀ ਮੌਜੂਦ ਸੀ, ਜੋ ਕਿ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਲੈ ਕੇ ਗਿਆ | ਮੌਕੇ 'ਤੇ ਮੌਜੂਦ ਆਟੋ ਚਾਲਕ ਨੇ ਦੱਸਿਆ ਕਿ ਉਹ ਰਾਮਗੜ੍ਹ ਤੋਂ ਡੇਰਾਬੱਸੀ ਵੱਲ ਸਵਾਰੀਆਂ ਲੈ ਕੇ ਆ ਰਿਹਾ ਸੀ ਅਤੇ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸੀ. ਟੀ. ਯੂ. ਦੀ ਬੱਸ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਪਲਟ ਗਿਆ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਚਾਲਕ ਆਟੋ 'ਚ ਫਸੀਆਂ ਸਵਾਰੀਆਂ ਨੂੰ ਕੱਢਣ ਦੀ ਥਾਂ ਮੌਕੇ ਤੋ ਫ਼ਰਾਰ ਹੋ ਗਿਆ | ਹਾਦਸੇ ਮਗਰੋਂ ਸੜਕ 'ਤੇ ਜਾਮ ਲੱਗ ਗਿਆ ਅਤੇ ਰਾਹਗੀਰਾਂ ਵਲੋਂ ਆਟੋ ਨੂੰ ਪਾਸੇ ਕਰਕੇ ਆਵਾਜਾਈ ਚਾਲੂ ਕਰਵਾਈ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |