ਜ਼ੀਰਕਪੁਰ, 2 ਜਨਵਰੀ (ਮਨਿੰਦਰ ਸਿੰਘ)-ਢਕੌਲੀ ਥਾਣੇ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਗਗਨ ਗਰਗ ਵਾਸੀ ਨਿਊ ਜਨਰੇਸ਼ਨ ਸੁਸਾਇਟੀ ਢਕੌਲੀ ਵਜੋਂ ਹੋਈ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜਨਵਰੀ ਨੂੰ ਸ਼ਾਮ ਦੇ ਕਰੀਬ 7.15 ਵਜੇ ਐੱਸ. ਆਈ. ਹਰਜਿੰਦਰ ਸਿੰਘ ਪਿੰਡ ਗਾਜ਼ੀਪੁਰ ਜੱਟਾਂ ਤੋਂ ਕਿ੍ਸ਼ਨਾ ਇਨਕਲੇਵ ਰੋਡ ਵੱਲ ਪੁਲਿਸ ਟੀਮ ਸਮੇਤ ਗਸ਼ਤ ਕਰ ਰਹੇ ਸਨ ਅਤੇ ਇਸੇ ਦੌਰਾਨ ਜਦੋਂ ਪੁਲਿਸ ਟੀਮ ਪੁਸ਼ਪ ਇਨਕਲੇਵ ਸੁਸਾਇਟੀ ਦੇ ਗੇਟ 'ਤੇ ਪਹੁੰਚੀ ਤਾਂ ਇਕ ਨੌਜਵਾਨ ਪਿੰਡ ਗਾਜ਼ੀਪੁਰ ਜੱਟਾਂ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ | ਉਸ ਨੇ ਆਪਣੀ ਪੈਂਟ ਦੀ ਜੇਬ 'ਚੋਂ ਕੱਢ ਕੇ ਇਕ ਮੋਮੀ ਲਿਫ਼ਾਫ਼ਾ ਸੜਕ 'ਤੇ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਨੇ ਮੁਸ਼ਤੈਦੀ ਵਰਤਦਿਆਂ ਉਸ ਨੂੰ ਕਾਬੂ ਕਰ ਲਿਆ | ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਹੀ ਜਦੋਂ ਲਿਫ਼ਾਫ਼ਾ ਖੋਲ੍ਹ ਕੇ ਜਾਂਚ ਕੀਤੀ ਤਾਂ ਉਸ 'ਚੋਂ 7 ਗ੍ਰਾਮ ਹੈਰੋਇਨ ਮਿਲੀ | ਪੁਲਿਸ ਨੇ ਹੈਰੋਇਨ ਨੂੰ ਜ਼ਬਤ ਕਰਦਿਆਂ ਮੁਲਜ਼ਮ ਵਿਰੁੱਧ ਢਕੌਲੀ ਥਾਣੇ 'ਚ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਦੇ ਨੈੱਟਵਰਕ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ |