ਮੁੱਲਾਂਪੁਰ ਗਰੀਬਦਾਸ, 2 ਜਨਵਰੀ (ਦਿਲਬਰ ਸਿੰਘ ਖੈਰਪੁਰ)-ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸ਼ੂ) ਵਲੋਂ ਨਿਊ ਚੰਡੀਗੜ੍ਹ ਵਿਖੇ ਪਹਿਲੀ ਐਲੂਮਨੀ ਮੀਟ ਕਰਵਾਈ ਗਈ, ਜਿਸ 'ਚ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਪੁਰਾਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ | ਜ਼ਿਕਰਯੋਗ ਕਿ ਪੁਸ਼ੂ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਮੁੱਖ ਸਰਪ੍ਰਸਤ ਗੁਰਬੀਰ ਸਿੰਘ ਗਿੱਲ, ਚੇਅਰਮੈਨ ਮਨਰਾਜਰੀਤ ਸਿੰਘ, ਆਰੀਅਨ ਵਰਮਾ, ਅਮਿਤ ਬੰਗਾ ਅਤੇ ਕੈਂਪਸ ਪ੍ਰਧਾਨ ਗੁਰਲਾਲ ਸਿੰਘ ਗਿੱਲ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਸਮਾਗਮ ਕਰਵਾਇਆ ਗਿਆ ਸੀ | ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਵੀ 1974-75 'ਚ ਪੁਸ਼ੂ ਦੇ ਪ੍ਰਧਾਨ ਰਹਿ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਉਸ ਸਮੇਂ ਸਵ. ਮੱਖਣ ਸਿੰਘ ਅਤੇ ਹੋਰਨਾਂ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਉਨ੍ਹਾਂ ਇਸ ਸੰਸਥਾ ਦਾ ਨਾਂਅ ਪੁਸ਼ੂ ਤਜਵੀਜ਼ ਕੀਤਾ ਸੀ | ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੁਰਾਣੇ ਸਾਥੀਆਂ ਨਾਲ ਦਿਲ ਦੀਆਂ ਗੱਲਾਂ ਕਰਕੇ ਮਨ ਬਾਗ਼ੋਬਾਗ ਹੋ ਗਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਗ਼ੈਰ-ਸਿਆਸੀ ਜਥੇਬੰਦੀ ਨੇ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਪੀ. ਯੂ. ਕੈਂਪਸ 'ਚ ਅੱਗੇ ਵਧਾਇਆ ਹੈ | ਵਿਦਿਆਰਥੀ ਹਿੱਤਾਂ ਦੇ ਏਜੰਡੇ ਕਾਰਨ ਹੀ ਇਸ ਜਥੇਬੰਦੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਕਈ ਵਾਰ ਜੇਤੂ ਰਹਿ ਚੁੱਕੇ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰੋਮੀ ਕੰਗ, ਜਤਿੰਦਰ ਸਿੰਘ ਵਿਰਕ, ਜਸਕਰਨ ਸਿੰਘ ਬਰਾੜ, ਅਜੀਤ ਸਿੰਘ ਵਿਰਕ, ਰਾਜਿੰਦਰ ਦੀਪਾ, ਵਜਿੰਦਰ ਤਿਰਕਾੜੀਆ, ਸ਼ਿਆਮ ਲਾਲ ਚਲਾਣਾ, ਭੁਪਿੰਦਰ ਭੂਪੀ ਤੇ ਐਡਵੋਕੇਟ ਜਸਪ੍ਰੀਤ ਬਬਲੂ ਆਦਿ ਵੀ ਹਾਜ਼ਰ ਸਨ |