ਡੇਰਾਬੱਸੀ, 4 ਜਨਵਰੀ (ਗੁਰਮੀਤ ਸਿੰਘ)-ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਚੋਰੀ ਦੇ ਮੋਟਰਸਾਈਕਲ ਵੇਚਣ ਵਾਲੇ ਇਕ ਵਿਅਕਤੀ ਨੂੰ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਪੰਡਵਾਲਾ ਚੌਕ ਮੁਬਾਰਿਕਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਲਵ ਬਖਸ਼ੀ ਪੁੱਤਰ ਅਸ਼ੋਕ ਬਖਸ਼ੀ ਵਾਸੀ ਪਿੰਡ ਟੱਪਰੀਆਂ ਤਹਿਸੀਲ ਰਾਏਪੁਰ ਰਾਣੀ ਜ਼ਿਲ੍ਹਾ ਪੰਚਕੂਲਾ ਹਰਿਆਣਾ, ਜੋ ਕਿ ਮੋਟਰਸਾਇਕਲ ਚੋਰੀ ਕਰਨ ਦਾ ਆਦਿ ਹੈ ਅਤੇ ਚੋਰੀ ਕੀਤੇ ਵਾਹਨਾਂ ਨੂੰ ਅੱਗੇ ਵੇਚ ਦਿੰਦਾ ਹੈ, ਉਹ ਅੱਜ ਵੀ ਚੋਰੀ ਕੀਤੇ ਇਕ ਮੋਟਰਸਾਇਕਲ ਨੂੰ ਵੇਚਣ ਦੀ ਫਿਰਾਕ 'ਚ ਮੁਬਾਰਿਕਪੁਰ ਖੇਤਰ ਵਿਖੇ ਘੁੰਮ ਰਿਹਾ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਉਕਤ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ |