ਚੰਡੀਗੜ੍ਹ, 23 ਜਨਵਰੀ (ਅਜਾਇਬ ਸਿੰਘ ਔਜਲਾ)-'ਚੰਡੀਗੜ੍ਹ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ 'ਤੇ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਇਕ ਵਿਸ਼ੇਸ਼ ਸੈਮੀਨਾਰ ਅਜੋਕੀ ਪੀੜ੍ਹੀ ਲਈ ਵਧੇਰੇ ਕਾਰਗਰ ਸਾਬਿਤ ਹੋਵੇਗਾ |' ਇਹ ਪ੍ਰਗਟਾਵਾ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਬਾਲੀਵੁੱਡ, ਪਾਲੀਵੁੱਡ ਅਤੇ ਹੋਰ ਭਾਸ਼ਾਵਾਂ ਦੀ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਸਪਰੂ ਵਲੋਂ ਕੀਤਾ ਗਿਆ | ਪ੍ਰੀਤੀ ਸਪਰੂ ਨੇ ਕਿਹਾ ਕਿ ਕਸ਼ਮੀਰ ਵਿਚ ਜਦੋਂ ਹਿੰਦੂਆਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਸਨ, ਉਸ ਸਮੇਂ ਗੁਰੂ ਜੀ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ਰੱਖਿਆ ਕੀਤੀ | ਉਨ੍ਹਾਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਹਰ ਘਰ ਤੋਂ ਇਕ ਪੁੱਤਰ ਨੂੰ ਸਿੱਖ ਬਣਾਇਆ ਜਾਂਦਾ ਸੀ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਧਰਮ ਦੀ ਸਥਾਪਨਾ ਸਮੁੱਚੀ ਮਾਨਵਤਾ ਦੀ ਰੱਖਿਆ ਲਈ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਸਮੂਹ ਮਨੁੱਖਤਾ ਲਈ ਇਕ ਪ੍ਰਕਾਸ਼ ਸਤੰਭ ਹੈ | ਉਨ੍ਹਾਂ ਦੀਆਂ ਸਿੱਖਿਆਵਾਂ ਧਰਮ, ਜਾਤੀ ਅਤੇ ਭੂਗੋਲ ਦੀਆਂ ਸੀਮਾਵਾਂ ਤੋਂ ਪਰੇ ਹਨ ਅਤੇ ਅੱਜ ਵੀ ਸਮਾਜ ਨੂੰ ਧਰਮ, ਸਾਹਸ, ਨਿਮਰਤਾ ਅਤੇ ਮਨੁੱਖੀ ਗੌਰਵ ਦੇ ਸਤਿਕਾਰ ਦੇ ਮਾਰਗ 'ਤੇ ਮਾਰਗਦਰਸ਼ਨ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਉਨ੍ਹਾਂ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8, ਚੰਡੀਗੜ੍ਹ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ, ਦਵਿੰਦਰਪਾਲ ਸਿੰਘ ਅਤੇ ਚੰਡੀਗੜ੍ਹ ਸੰਗੀਤ ਅਕੈਡਮੀ ਦੀ ਚੇਅਰਪ੍ਰਸਨ ਅਤੇ ਗਾਇਕਾ ਸੁੱਖੀ ਬਰਾੜ ਆਦਿ ਨੇ ਵੀ ਸ਼ਿਰਕਤ ਕੀਤੀ | ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8, ਚੰਡੀਗੜ੍ਹ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਸਮਕਾਲੀ ਜਨਤਕ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾਉਣਾ ਹੈ | ਸ੍ਰੀ ਬਹਿਲ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਪ੍ਰਸਿੱਧ ਵਿਦਵਾਨ, ਲੇਖਕ ਅਤੇ ਬੁੱਧੀਜੀਵੀ ਭਾਗ ਲੈਣਗੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਦਰਸ਼ਨਿਕ, ਸਮਾਜਿਕ ਅਤੇ ਆਧਿਆਤਮਿਕ ਪ੍ਰਾਸੰਗਿਕਤਾ 'ਤੇ ਵਿਚਾਰ-ਵਟਾਂਦਰਾ ਕਰਨਗੇ | ਇਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕੀਤਾ ਜਾਵੇਗਾ | ਇਸੇ ਦੌਰਾਨ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਅਭਿਨੇਤਰੀ ਪ੍ਰੀਤੀ ਸਪਰੂ ਜੋ ਕਾਰਜ ਕਰ ਰਹੇ ਹਨ ਉਹ ਬੇਹੱਦ ਸਲਾਹੁਣਯੋਗ ਹੈ |