ਐੱਸ. ਏ. ਐੱਸ. ਨਗਰ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਲੋਂ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਸਹਿਯੋਗ ਨਾਲ ਮਨਮੋਹਨ ਸਿੰਘ ਦਾਊਾ ਤੇ ਡਾ. ਮੁਖਤਿਆਰ ਸਿੰਘ ਵਲੋਂ ਸੰਪਾਦਿਤ ਪੁਸਤਕ 'ਪੁਆਧ : ਖ਼ਾਲਸਾ ਪੰਥ ਦੀ ਜਨਮ-ਭੂਮੀ' 'ਤੇ ਵਿਚਾਰ-ਚਰਚਾ 28 ਜਨਵਰੀ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਿਲ 'ਤੇ ਸਥਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਿਖੇ ਕਰਵਾਈ ਜਾਵੇਗੀ | ਇਸ ਸਮਾਗਮ 'ਚ ਜਸਵੰਤ ਸਿੰਘ ਜ਼ਫ਼ਰ (ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ) ਮੁੱਖ ਮਹਿਮਾਨ ਵਜੋਂ ਅਤੇ ਡਾ. ਗੁਰਬਚਨ ਸਿੰਘ ਮਾਵੀ (ਸਾਬਕਾ ਪ੍ਰੋ. ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ (ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ) ਵਲੋਂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਪਰਚਾ-ਲੇਖਕ ਵਜੋਂ ਡਾ. ਪਰਮਜੀਤ ਸਿੰਘ (ਐਸੋਸੀਏਟ ਪ੍ਰੋਫੈਸਰ ਸਰਕਾਰੀ ਕਾਲਜ-11 ਚੰਡੀਗੜ੍ਹ) ਆਪਣੇ ਵਿਚਾਰ ਪੇਸ਼ ਕਰਨਗੇ | ਇਸ ਮੌਕੇ ਗਿਆਨੀ ਸਰਵਣ ਸਿੰਘ ਢੰਗਰਾਲੀ ਦੇ ਢਾਡੀ ਜਥੇ ਵਲੋਂ ਖ਼ਾਲਸਾ ਪੰਥ ਦੇ ਇਤਿਹਾਸਕ ਪ੍ਰਸੰਗ 'ਤੇ ਚਾਨਣਾ ਪਾਇਆ ਜਾਵੇਗਾ | ਇਸ ਵਿਚਾਰ-ਚਰਚਾ ਦੌਰਾਨ ਪੁਸਤਕ ਦੇ ਇਤਿਹਾਸਕ ਪ੍ਰਸੰਗ ਅਤੇ ਖ਼ਾਲਸਾ ਪੰਥ ਦੀ ਜਨਮ-ਭੂਮੀ ਨਾਲ ਸੰਬੰਧਿਤ ਮਹੱਤਵਪੂਰਨ ਤੱਥਾਂ 'ਤੇ ਸਵਸਥਾਰ ਸਹਿਤ ਚਰਚਾ ਕੀਤੀ ਜਾਵੇਗੀ |