ਕੁਰਾਲੀ, 1 ਫਰਵਰੀ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਮੁੰਧੋਂ ਸੰਗਤੀਆਂ ਵਿਖੇ ਸਮੁੱਚੇ ਪਿੰਡ ਦੀਆਂ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਗਿਆ, ਜਿਸ 'ਚ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸਜ਼ਾਏ ਗਏ ਇਸ ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਗੁੰਨੋਮਾਜਰਾ, ਬੜੌਦੀ, ਨੱਗਲਗੜ੍ਹੀਆ, ਫ਼ਤਿਹਗੜ੍ਹ, ਦੁਸਾਰਨਾ, ਮੁੱਲਾਂਪੁਰ ਸੋਢੀਆਂ, ਨਿਹੋਲਕਾ ਤੇ ਮੁੰਧੋਂ ਭਾਗ ਸਿੰਘ ਨੂੰ ਹੁੰਦਾ ਹੋਇਆ ਮੁੜ ਪਿੰਡ ਮੁੰਧੋਂ ਸੰਗਤੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ 'ਚ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ, ਗੁਲਜਾਰ ਸਿੰਘ ਬੜੌਦੀ, ਬਾਬਾ ਸਤਨਾਮ ਸਿੰਘ, ਜਗਮੋਹਣ ਸਿੰਘ, ਗੁਰਮੇਲ ਸਿੰਘ ਤੇ ਜੰਗ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |