ਚੰਡੀਗੜ੍ਹ, 3 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ ਵਲੋਂ ਕਰਵਾਏ ਜਾ ਰਹੇ 'ਸਾਹਿਤ ਕਲਾ ਉਤਸਵ' ਤਹਿਤ ਅੱਜ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ 'ਪੰਜਾਬ ਗੌਰਵ ਸਨਮਾਨ' ਪ੍ਰਾਪਤ ਨੀਨਾ ਟਿਵਾਣਾ ਬਾਰੇ ਇਕ ਸੈਸ਼ਨ ਦੀ ਜਾਣਕਾਰੀ ਡਾ. ਨਿਰਮਲ ਜੋੜਾ ਵਲੋਂ ਸਾਂਝੀ ਕਰਦਿਆਂ ਸਮਾਰੋਹ ਦੀ ਸ਼ੁਰੂਆਤ ਬੰਨ੍ਹੀ, ਉਪਰੰਤ 'ਨੀਨਾ ਟਿਵਾਣਾ: ਸ਼ਖ਼ਸੀਅਤ ਅਤੇ ਕਲਾ' 'ਤੇ ਪਰਚਾ ਉੱਘੇ ਨਾਟਕਕਾਰ, ਵਾਰਤਕਕਾਰ ਤੇ ਨਿਰਦੇਸ਼ਕ ਡਾ. ਸਤੀਸ਼ ਵਰਮਾ ਵਲੋਂ ਪੜਿ੍ਹਆ ਗਿਆ | ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਵਲੋਂ ਵਿਦਵਾਨਾਂ, ਲੇਖਕਾਂ, ਰੰਗ ਕਰਮੀਆਂ ਨੂੰ ਜੀ ਆਇਆ ਕਹਿਣ ਦੀ ਰਸਮ ਅਦਾ ਕੀਤੀ ਗਈ | ਡਾ. ਸਤੀਸ਼ ਵਰਮਾ ਨੇ ਨੀਨਾ ਟਿਵਾਣਾ ਬਾਰੇ ਬੋਲਦਿਆਂ ਕਿਹਾ ਕਿ ਇਹ ਜੋੜੀ, ਭਾਵ ਹਰਪਾਲ ਤੇ ਨੀਨਾ ਟਿਵਾਣਾ ਰੰਗਮੰਚ ਘਰ ਤੋਂ ਅਲੱਗ ਹੋ ਵੀ ਕੀਤਾ ਤੇ ਇਕ ਵਾਰ ਪੋਲੋ ਗਰਾਊਾਡ ਵਿਚ ਰਿਹਾਇਸ਼ ਕੀਤੀ | ਇਸ ਉਪਰੰਤ ਨੀਨਾ ਟਿਵਾਣਾ ਦਾ ਸਨਮਾਨ ਵੀ ਕੀਤਾ ਗਿਆ | ਅੱਜ ਦੇ ਸਮਾਰੋਹ 'ਚ ਅਗਲਾ ਸੈਸ਼ਨ' ਚੌਰਾਹਾ 'ਤੇ ਖੜ੍ਹਾ ਰੰਗਮੰਚ' 'ਤੇ ਵਿਸ਼ੇਸ਼ ਵਿਚਾਰਾਂ ਹੋਈਆਂ, ਜਿਸ ਵਿਚ ਰੰਗਕਰਮੀਆਂ ਵੱਲੋਂ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਤੇ ਫ਼ਿਕਰ ਕੀਤਾ ਗਿਆ | ਇਸ ਵਿਸ਼ੇ 'ਤੇ ਬੋਲਦੇ ਹੋਏ ਅਦਾਕਾਰ ਮਨਿੰਦਰ ਬਨੀ ਨੇ ਕਿਹਾ ਕਿ ਰੰਗਕਰਮੀਆਂ ਨੂੰ ਨਿਗੂਣਾ ਮਾਣ ਭੱਤਾ ਹੀ ਮਿਲਦਾ ਹੈ | ਨਿਰਦੇਸ਼ਕ ਤੇ ਅਦਾਕਾਰ ਰਾਜਵਿੰਦਰ ਸਮਰਾਲਾ ਨੇ ਕਿਹਾ ਕਿ ਰੰਗਮੰਚ ਨੂੰ ਏਨਾ ਕੁ ਫ਼ੰਡ ਮਿਲੇ, ਜਿਸ ਵਿਚੋਂ ਉਹ ਰੰਗਮੰਚ ਵਿਚੋਂ ਹੀ ਆਪਣਾ ਗੁਜ਼ਾਰਾ ਕਰ ਸਕਣ | ਇਸੇ ਦੌਰਾਨ ਪ੍ਰਸਿੱਧ ਗਾਇਕ ਜਸਬੀਰ ਜੱਸੀ ਨੇ ਆਪਣੀ ਬੁਲੰਦ ਆਵਾਜ਼ 'ਚ ਸੂਫ਼ੀ ਅੰਦਾਜ਼ 'ਚ ਇਹ ਗੀਤ 'ਅੱਲ੍ਹਾ ਹੂ ਅਵਾਜਾ, ਕੁੱਲੀ ਨੀਂਹ ਫ਼ਕੀਰ 'ਚੋ ' ਗਾ ਕੇ ਮਾਹੌਲ ਨੂੰ ਹੋਰ ਖੁਸਨਸੀਬ ਬਣਾ ਛੱਡਿਆ | ਉੱਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਸਮੱਸਿਆ ਨਾਲ ਜੂਝਣਾ ਹੀ ਰੰਗਮੰਚ ਦਾ ਕੰਮ ਹੈ, ਥੀਏਟਰ ਵਿਚ ਬਹੁਤ ਕੁੱਝ ਬਦਲਿਆ ਹੈ ਪਰ ਜੇ ਕੁੱਝ ਨਹੀਂ ਬਦਲਿਆ ਤਾਂ ਉਹ ਹੈ ਆਰਥਿਕਤਾ | ਰਾਜਿੰਦਰ ਸਿੰਘ ਨੇ ਕਿਹਾ ਬਹੁਤ ਨਾਟਕ ਕੀਤੇ, ਬਹੁਤ ਤਾੜੀਆਂ ਮਿਲੀਆਂ ਪਰ ਜੇਬ ਹਮੇਸ਼ਾ ਖ਼ਾਲੀ ਰਹੀ | ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਮੈਂ 1999 ਵਿਚ ਆਪਣਾ ਮੰਚ ਬਣਾਇਆ, ਮੈਂ ਰੰਗਮੰਚ ਤੋ ਆਪਣਾ ਘਰ ਚਲਾਉਣਾ ਚਾਹੁੰਦੀ ਸੀ, ਜਿਸ ਵਿਚ ਮੈਨੂੰ ਕਾਮਯਾਬੀ ਮਿਲੀ | ਉੱਘੇ ਨਾਟਕਕਾਰ ਤੇ ਅਦਾਕਾਰ ਡਾ. ਸਾਹਿਬ ਨੇ ਕਿਹਾ ਕਿ ਅਸੀਂ ਕਲਾ ਨੂੰ ਲਿਸ਼ਕਾਈਏ ਤੇ ਲੋਕਾਂ ਦੇ ਭਖਦੇ ਮਸਲਿਆਂ ਨਾਲ ਜੋੜੀਏ | ਉਨ੍ਹਾਂ ਕਿਹਾ ਕਿ ਮੈਂ ਬੇਚਾਰਾ ਬਣ ਕੇ ਨਾਟਕ ਨਹੀਂ ਕੀਤਾ | ਦਵਿੰਦਰ ਦਮਨ ਨੇ ਕਿਹਾ ਨਾਟਕ ਦੀਆਂ ਆਰਥਿਕ ਸਮੱਸਿਆਵਾਂ ਵੀ ਨੇ ਤੇ ਰਾਜਨੀਤਿਕ ਵੀ | ਮਹਿੰਦਰ ਕੁਮਾਰ ਨੇ ਕਿਹਾ ਚੌਰਾਹੇ 'ਤੇ ਖੜ੍ਹੇ ਹੋਣਾ ਖ਼ੁਸ਼ਕਿਸਮਤੀ ਹੈ, ਸਾਡੇ ਕੋਲ ਇਕ ਤੋਂ ਵੱਧ ਰਾਹ ਹਨ | ਪ੍ਰਧਾਨ ਚੈਟਲੇ ਨੇ ਕਿਹਾ ਕਿ ਰੰਗਮੰਚ ਸਮਾਜ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ | ਪ੍ਰਧਾਨਗੀ ਮੰਡਲ ਵਿਚੋਂ ਡਾ. ਅਮਰਜੀਤ ਗਰੇਵਾਲ ਨੇ ਕਿਹਾ ਕਿ ਏ. ਆਈ ਹਰ ਚੀਜ਼ ਕਰ ਸਕਦੀ ਹੈ ਪਰ ਥੀਏਟਰ ਨਹੀਂ ਕਰ ਸਕਦੀ | ਪ੍ਰਧਾਨਗੀ ਮੰਡਲ ਵਿਚ ਉੱਘੀ ਨਾਟਕਕਾਰਾ ਨੀਲਮ ਮਾਨ ਸਿੰਘ ਵੀ ਤੇ ਡਾ. ਯੋਗਰਾਜ ਮੌਜੂਦ ਸਨ | ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਸਮਾਗਮ ਵਿਚ ਸ਼ਾਮਿਲ ਹੋਣ ਨੂੰ ਸੁਭਾਗ ਦੱਸਿਆ | ਸਮਾਗਮ ਦੌਰਾਨ ਮਰਹੂਮ ਫ਼ਨਕਾਰ ਪੂਰਨਸ਼ਾਹ ਕੋਟੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੂਫ਼ੀ ਗਾਇਨ ਹੋਇਆ, ਜਿਸ ਦੇ ਕਲਾਕਾਰ ਅਨੂਜੋਤ ਤੇ ਯਾਕੂਬ ਨੇ ਗਾਇਨ ਪੇਸ਼ ਕੀਤਾ | ਇਸ ਮੌਕੇ ਮਹਿਮਾਨ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਇਸ ਉਤਸਵ ਦੀ ਸ਼ਲਾਘਾ ਕੀਤੀ ਤੇ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦੀ ਗੱਲ ਵੀ ਕਹੀ | ਅਮਰਜੀਤ ਸਿੰਘ ਗਰੇਵਾਲ ਦਾ ਲਿਖਿਆ ਨਾਟਕ 1675 ਕੇਵਲ ਧਾਲੀਵਾਲ ਵੱਲੋਂ ਖੇਡਿਆ ਜੋ ਦਰਸ਼ਕਾਂ ਨੇ ਰੀਝ ਨਾਲ ਮਾਣਿਆ | ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਅਸੀਂ ਇਕ ਕਮੇਟੀ ਬਣਾਵਾਂਗੇ, ਕਲਚਰ ਪਾਲਿਸੀ ਦੀ ਤਰ੍ਹਾਂ, ਥੀਏਟਰ ਨਾਲ ਸੰਬੰਧਿਤ ਪਾਲਿਸੀ ਵੀ ਬਣਾਵਾਂਗੇ | ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਡਾ. ਨਿਰਮਲ ਜੋੜਾ ਨੇ ਸਟੇਜੀ ਕਾਰਵਾਈ ਨੂੰ ਬਾਖ਼ੂਬੀ ਨਿਭਾਇਆ, ਉੱਥੇ ਮਨਪਾਲ ਟਿਵਾਣਾ ,ਜਗਦੀਪ ਸਿੱਧੂ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਐਚ.ਐਸ ਸੌਢੀ, ਸ਼ਬਦੀਸ, ਵਰਿੰਦਰ ਚੱਠਾ, ਪਾਲ ਅਜਨਬੀ, ਰਵਿੰਦਰ ਰੰਗੂਵਾਲ, ਡਾ. ਰੇਖਾ ਮਿੱਤਲ, ਕਰਿਸ਼ਮਾ ਵਰਮਾ ਆਦਿ ਨੇ ਸ਼ਮੂਲੀਅਤ ਕੀਤੀ |