ਚੰਡੀਗੜ੍ਹ, 4 ਫਰਵਰੀ (ਅਜੀਤ ਬਿਊਰੋ)-69ਵੀਆਂ ਨੈਸ਼ਨਲ ਸਕੂਲ ਗੇਮਜ਼ ਵਿਚ ਚੰਡੀਗੜ੍ਹ ਦੀ ਅੰਡਰ-19 ਲੜਕਿਆਂ ਦੀ ਬੇਸਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ | ਮੁਕਾਬਲੇ ਦੇ ਆਖ਼ਰੀ ਮੈਚ ਵਿਚ ਚੰਡੀਗੜ੍ਹ ਦੇ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਮੱਧ ਪ੍ਰਦੇਸ਼ ਦੀ ਟੀਮ ਨੂੰ 8-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ | ਚੰਡੀਗੜ੍ਹ ਦੀ ਇਸ ਜਿੱਤ ਨਾਲ ਸ਼ਹਿਰ ਦੇ ਖੇਡ ਜਗਤ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ ਹੈ | ਟੀਮ ਦਾ ਸੈਮੀਫਾਈਨਲ ਤੱਕ ਦਾ ਸਫ਼ਰ ਰੋਮਾਂਚਕ ਰਿਹਾ | ਚੰਡੀਗੜ੍ਹ ਨੇ ਹਰਿਆਣਾ ਦੀ ਮਜ਼ਬੂਤ ਟੀਮ ਨੂੰ 7-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ | ਸੈਮੀਫਾਈਨਲ ਵਿਚ ਚੰਡੀਗੜ੍ਹ ਦਾ ਮੁਕਾਬਲਾ ਛੱਤੀਸਗੜ੍ਹ ਨਾਲ ਹੋਇਆ, ਜਿੱਥੇ ਸਖ਼ਤ ਟੱਕਰ ਤੋਂ ਬਾਅਦ ਛੱਤੀਸਗੜ੍ਹ ਨੇ ਚੰਡੀਗੜ੍ਹ ਨੂੰ 3-0 ਨਾਲ ਹਰਾ ਦਿੱਤਾ | ਇਸ ਹਾਰ ਤੋਂ ਬਾਅਦ ਚੰਡੀਗੜ੍ਹ ਨੇ ਤੀਜੇ ਸਥਾਨ ਲਈ ਹੋਏ ਮੈਚ ਵਿਚ ਸ਼ਾਨਦਾਰ ਵਾਪਸੀ ਕੀਤੀ ਅਤੇ ਤਗਮਾ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ | ਇਸ ਰਾਸ਼ਟਰੀ ਮੁਕਾਬਲੇ ਵਿਚ ਮੇਜ਼ਬਾਨ ਦਿੱਲੀ ਦੀ ਟੀਮ ਜੇਤੂ ਰਹੀ, ਜਦਕਿ ਛੱਤੀਸਗੜ੍ਹ ਦੀ ਟੀਮ ਨੂੰ ਦੂਜੇ (ਉਪ-ਜੇਤੂ) ਸਥਾਨ ਨਾਲ ਸੰਤੁਸ਼ਟ ਹੋਣਾ ਪਿਆ | ਚੰਡੀਗੜ੍ਹ ਦੀ ਇਸ ਪ੍ਰਾਪਤੀ 'ਤੇ ਟੀਮ ਪ੍ਰਬੰਧਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਜੇਤੂ ਟੀਮ ਦੇ ਮੈਂਬਰ ਵਿਚ ਪਾਰਸ ਕੁਮਾਰ, ਅਨੁਰਾਗ, ਚੈਤੰਨਿਆ, ਅਨੰਤ ਕੌਸ਼ਲ, ਸੁਬਾਸ਼ ਸਿੰਘ, ਕਨਵ ਸ਼ਰਮਾ, ਅਭਿਨਵ, ਆਰਵ ਕੁਰਲ, ਸੁਮਨ ਕੁਮਾਰ, ਸਵਸਤਿਕ, ਵਿਦਾਂਸ਼, ਯਸ਼ਪਾਲ, ਆਯੂਸ਼, ਰਾਕੇਸ਼ ਪਾਸਵਾਨ, ਹਿਮਾਂਸ਼ੂ ਅਤੇ ਅਮਨ ਕੁਮਾਰ ਸ਼ਾਮਲ ਸਨ, ਜਦਕਿ ਟੀਮ ਨੂੰ ਜਨਰਲ ਮੈਨੇਜਰ ਡਾ. ਗੁਰਪ੍ਰੀਤ ਸਿੰਘ, ਕੋਚ ਵਿਜੇ ਠਾਕੁਰ ਤੇ ਅਸਿਸਟੈਂਟ ਕੋਚ ਕਮਲ ਸਿੰਘ ਨੇ ਸਿਖਲਾਈ ਦਿੱਤੀ ਹੈ |