ਮੁੱਲਾਂਪੁਰ ਗਰੀਬਦਾਸ, 4 ਫਰਵਰੀ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਇਕ ਪੱਤਰ ਲਿਖ ਕੇ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਦੇ ਮਸਲੇ ਤੋਂ ਜਾਣੂ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੇੜਲੇ ਨਿਊ ਚੰਡੀਗੜ੍ਹ ਖੇਤਰ ਦਾ ਸਰਬਪੱਖੀ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਆਬਾਦੀ ਵੀ ਤੇਜ਼ੀ ਨਾਲ ਵਧ ਰਹੀ ਹੈ, ਪਰ ਇਥੇ ਗ੍ਰੇਟਰ ਮੁਹਾਲੀ ਏਰੀਆ ਡਿਵਲਪਮੈਂਟ ਅਥਾਰਟੀ (ਗਮਾਡਾ) ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ | ਉਨ੍ਹਾਂ ਜ਼ਿਕਰ ਕੀਤਾ ਕਿ ਤੀੜਾ ਕਿ੍ਕਟ ਸਟੇਡੀਅਮ ਤੋਂ ਬੂਥਗੜ੍ਹ ਦੀ ਸਰਕਾਰੀ ਡਿਸਪੈਂਸਰੀ, ਮੁੱਲਾਂਪੁਰ ਬੈਰੀਅਰ ਤੋਂ ਮਾਜਰਾ ਟੀ-ਪੁਆਇੰਟ (ਸਮੇਤ ਮਾਜਰਾ ਪੁਲ) ਅਤੇ ਓਮੈਕਸ ਤੋਂ ਰਾਣੀ ਮਾਜਰਾ ਚੌਕ ਤੱਕ ਦੀਆਂ ਮੁੱਖ ਸੜਕਾਂ ਦੀ ਹਾਲਤ ਬਿਲਕੁੱਲ ਖ਼ਰਾਬ ਹੋ ਚੁੱਕੀ ਹੈ ਅਤੇ ਇਸ ਦਾ ਕਾਰਨ ਸੜਕਾਂ ਦੀ ਢੁਕਵੀਂ ਸਾਂਭ-ਸੰਭਾਲ ਨਾ ਹੋਣਾ ਹੈ | ਇਸ ਤੋਂ ਇਲਾਵਾ ਮਾਜਰਾ-ਮਾਜਰੀ- ਕੁਰਾਲੀ ਹਾਈਵੇਅ 'ਤੇ ਨਾਲ ਲੱਗਦੇ ਪਿੰਡਾਂ ਦੇ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਹੈ, ਜਿਸ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ | ਇਸ ਤੋਂ ਇਲਾਵਾ ਮਾਜਰੀ-ਸਿਆਲਬਾ-ਖੇੜਾ-ਖਿਜ਼ਰਾਬਾਦ-ਬਿੰਦਰੱਖ ਮੇਨ ਸੜਕ (ਜੋ ਕਿ ਮਾਜਰੀ ਬਲਾਕ ਦੇ ਸੰਬੰਧਿਤ ਪਿੰਡਾਂ ਲਈ ਇੱਕ ਵੱਡਾ ਲਾਂਘਾ ਹੈ), ਦੀ ਹਾਲਤ ਵੀ ਬਦ ਤੋਂ ਬੱਦਤਰ ਹੋ ਚੁੱਕੀ ਹੈ | ਕੰਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਸਾਰੀਆਂ ਸੰਬੰਧਿਤ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ |