ਚੰਡੀਗੜ੍ਹ, 5 ਫਰਵਰੀ (ਕਪਿਲ ਵਧਵਾ)-ਸਥਾਨਕ ਸੈਕਟਰ-37 (ਡੀ) ਮਾਰਕੀਟ ਦੇ ਬਾਹਰ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ | ਹਾਦਸੇ ਦੀ ਸੂਚਨਾ ਰਾਹਗੀਰਾਂ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ | ਪੀ. ਸੀ. ਆਰ. ਤੁਰੰਤ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਜ਼ਖ਼ਮੀ ਸਾਈਕਲ ਸਵਾਰ ਨੂੰ ਇਲਾਜ ਲਈ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅਗਲੇ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ | ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਮਿ੍ਤਕ ਸਾਈਕਲ ਸਵਾਰ ਦੀ ਪਛਾਣ ਸਤੀਸ਼, ਨਿਵਾਸੀ ਸੈਕਟਰ-37ਡੀ, ਚੰਡੀਗੜ੍ਹ ਵਜੋਂ ਹੋਈ ਹੈ | ਸੂਚਨਾ ਮਿਲਣ 'ਤੇ ਥਾਣਾ-39 ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਵੀ ਮੌਕੇ 'ਤੇ ਪਹੁੰਚੇ | ਮੌਕੇ 'ਤੇ ਮੌਜੂਦ ਵਕੀਲ ਅਮਨ ਕੋਂਡਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਜ਼ਿਲ੍ਹਾ ਅਦਾਲਤ ਸੈਕਟਰ-43 ਵਿਚ ਵਕਾਲਤ ਕਰਦੇ ਹਨ ਅਤੇ ਸੈਕਟਰ-37ਡੀ ਮਾਰਕੀਟ ਵਿਚ ਕਿਸੇ ਕੰਮ ਨਾਲ ਆਏ ਹੋਏ ਸਨ | ਕੰਮ ਮੁਕੰਮਲ ਕਰਨ ਤੋਂ ਬਾਅਦ ਜਦੋਂ ਉਹ ਮਾਰਕੀਟ ਤੋਂ ਬਾਹਰ ਨਿਕਲੇ ਤਾਂ ਉਕਤ ਵੇਨਿਊ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਖੱਬੇ ਪਾਸੇ ਤੋਂ ਟੱਕਰ ਮਾਰ ਦਿੱਤੀ | ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕਰਦਿਆਂ ਕਾਰ ਚਾਲਕ ਨੌਜਵਾਨ ਮੰਥਨ ਜਿੰਦਲ, ਨਿਵਾਸੀ ਸੈਕਟਰ-38 (ਏ), ਚੰਡੀਗੜ੍ਹ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 106 (1) 281 ਅਤੇ 125(ਏ) ਤਹਿਤ ਮਾਮਲਾ ਦਰਜ ਕਰਕੇ ਕਾਰ ਚਾਲਕ ਨੂੰ ਗਿ੍ਫ਼ਤਾਰ ਕਰਕੇ ਥਾਣੇ ਤੋਂ ਹੀ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਹਾਦਸੇ ਸਬੰਧੀ ਅਗਲੀ ਜਾਂਚ ਜਾਰੀ ਹੈ |