ਐੱਸ. ਏ. ਐੱਸ. ਨਗਰ, 5 ਫਰਵਰੀ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਸ਼ਹਿਰ ਦੇ ਬਜ਼ੁਰਗਾਂ ਲਈ ਓਲਡ ਏਜ਼ ਹੋਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਹੁਣ ਬੂਰ ਪੈਣ ਜਾ ਰਿਹਾ ਹੈ | ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਹਾਈ ਕੋਰਟ 'ਚ ਲਗਾਤਾਰ 11 ਸਾਲ ਇਸ ਕੇਸ ਦੀ ਪੈਰਵਾਈ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮੁਹਾਲੀ 'ਚ ਅਧੁਨਿਕ ਓਲਡ ਏਜ਼ ਹੋਮ ਬਣਾਉਣ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ | ਇਸ ਸੰਬੰਧੀ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੁਰੱਖਿਆ, ਸਨਮਾਨ ਅਤੇ ਸੰਭਾਲ ਲਈ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਜ਼ਮੀਨੀ ਪੱਧਰ 'ਤੇ ਅਮਲ ਵੱਲ ਵੱਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਤਪਾ 'ਚ ਬਣੇ ਓਲਡ ਏਜ਼ ਹੋਮ ਦੇ ਮਾਡਲ ਨੂੰ ਧਿਆਨ 'ਚ ਰੱਖਦੇ ਹੋਏ ਮੁਹਾਲੀ ਲਈ ਯੋਜਨਾ ਤਿਆਰ ਕੀਤੀ ਗਈ ਹੈ | ਬੇਦੀ ਮੁਤਾਬਿਕ ਗਮਾਡਾ ਵਲੋਂ ਓਲਡ ਏਜ਼ ਹੋਮ ਲਈ 3 ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ, ਜਿੱਥੇ ਕਿ ਕਰੀਬ 150 ਬਜ਼ੁਰਗਾਂ ਲਈ ਰਿਹਾਇਸ਼ ਦੀ ਸੁਵਿਧਾ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਕੇਂਦਰ 'ਚ 24 ਘੰਟੇ ਐਂਬੂਲੈਂਸ ਸੇਵਾ, ਐਮਰਜੈਂਸੀ ਮੈਡੀਕਲ ਸਹੂਲਤਾਂ, ਨਿਯਮਿਤ ਡਾਕਟਰੀ ਜਾਂਚ ਅਤੇ ਫਿਜ਼ੀਓਥ੍ਰੈਪੀ ਦੀ ਵਿਵਸਥਾ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਓਲਡ ਏਜ਼ ਹੋਮ ਸਾਲ 2007 'ਚ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਦੀ ਆਤਮਾ ਦੇ ਅਨੁਸਾਰ ਬਣਨ ਜਾ ਰਿਹਾ ਹੈ | ਇਸ ਮੌਕੇ ਬਿ੍ਗੇਡੀਅਰ ਜਗਦੇਵ ਸਿੰਘ ਪ੍ਰਧਾਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੁਹਾਲੀ, ਆਰ. ਪੀ. ਵਿਗ, ਗੁਰਮੀਤ ਸਿੰਘ ਸਿਆਣ, ਅਜੈਬ ਸਿੰਘ ਬਾਕਰਪੁਰ, ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਬੈਂਸ ਸਮੇਤ ਹੋਰ ਹਾਜ਼ਰ ਸਨ |