ਚੰਡੀਗੜ੍ਹ, 21 ਫਰਵਰੀ (ਅਜਾਇਬ ਸਿੰਘ ਔਜਲਾ)- 'ਕੌਮਾਂਤਰੀ ਮਾਂ ਬੋਲੀ ਦਿਵਸ' ਦੇ ਮੌਕੇ ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ ਅਤੇ ਪੰਜਾਬੀ ਲੇਖਕ ਸਭਾ ਦੇ ਨਾਲ-ਨਾਲ ਹੋਰ ਵੀ ਬੁੱਧੀਜੀਵੀ, ਲੇਖਕਾਂ, ਅਦਾਕਾਰਾਂ ਤੇ ਫ਼ਨਕਾਰਾਂ ਵੱਲੋਂ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ-17 'ਚ ਰੋਸ ਧਰਨਾ ਦਿੱਤਾ ਗਿਆ | ਇਹ ਧਰਨਾ ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਕੀ ਦਾ ਦਰਜਾ ਨਾ ਦੇਣ ਦੇ ਰੋਸ ਵਜੋਂ ਦਿੱਤਾ ਗਿਆ | ਇਸ ਮੌਕੇ 'ਚੰਡੀਗੜ੍ਹ 'ਚ ਪਹਿਲੀ ਭਾਸ਼ਾ ਹੋਵੇ ਪੰਜਾਬੀ' ਦੇ ਨਾਅਰੇ ਵੀ ਗੂੰਜੇ | ਧਰਨੇ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਤਰਕਸ਼ੀਲ ਸੁਸਾਇਟੀ, ਨੌਜਵਾਨ, ਕਿਸਾਨ ਆਗੂ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਿਭਾਗ ਦੇ ਪੈਨਸ਼ਨਰ ਆਗੂ, ਸਾਹਿੱਤਕਾਰ ਵਿਗਿਆਨ ਕੇਂਦਰ, ਲੇਖਕ ਸਭਾ, ਚੰਡੀਗੜ੍ਹ-ਪੰਜਾਬ ਜਰਨਲਿਸਟ ਯੂਨੀਅਨ ਦੇ ਨੁਮਾਇੰਦੇ, ਅਦਾਕਾਰ, ਕਲਾਕਾਰ ਅਤੇ ਸਿਆਸੀ ਆਗੂ ਵੀ ਸ਼ਾਮਿਲ ਹੋਏ | ਧਰਨੇ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਜੋਗਾ ਸਿੰਘ ਕਜਹੇੜੀ, ਪੈਨਸ਼ਨਰਜ਼ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਭੁਪਿੰਦਰ ਸਿੰਘ ਭਾਂਖਰਪੁਰ, ਗੁਰਚਰਨ ਸਿੰਘ, ਗੁਰਦੁਆਰਾ ਸੰਗਠਨ ਤੋਂ ਰਘੁਵੀਰ ਸਿੰਘ ਰਾਮਪੁਰ, ਕਾਮਰੇਡ ਰਾਜ ਕੁਮਾਰ, ਸਾਹਿੱਤਕਾਰ ਗੁਰਦਰਸ਼ਨ ਸਿੰਘ ਮਾਵੀ, ਬਲਕਾਰ ਸਿੰਘ ਸਿੱਧੂ ਆਦਿ ਨੇ ਕਿਹਾ ਕਿ ਅੱਜ ਮਾਂ ਬੋਲੀ ਦਿਵਸ ਮੌਕੇ ਇਹ ਜਾਣ ਕੇ ਬੜਾ ਦੁੱਖ ਹੁੰਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਮੇਂ-ਸਮੇਂ ਉੱਤੇ ਆਏ ਅਧਿਕਾਰੀਆਂ ਦੀ ਵਜ੍ਹਾ ਨਾਲ ਸਾਡੀ ਮਾਂ ਬੋਲੀ ਆਪਣੇ ਹੀ ਘਰ ਵਿਚ ਬੇਗਾਨੀ ਹੋ ਕੇ ਰਹਿ ਗਈ ਹੈ | ਇਸ ਖ਼ਿੱਤੇ ਦੀ ਬੋਲੀ ਪੰਜਾਬੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ | ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬੀ ਮੰਚ ਵਾਰ-ਵਾਰ ਧਰਨਾ ਰੈਲੀਆਂ ਅਤੇ ਰੋਸ ਮਾਰਚ ਕਰ-ਕਰ ਕੇ ਪ੍ਰਸ਼ਾਸਨ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਪਰ ਇੱਥੋਂ ਦਾ ਪ੍ਰਸ਼ਾਸਨ ਲਗਾਤਾਰ ਗੁਮਰਾਹ ਕਰ ਰਿਹਾ ਹੈ | ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਪ੍ਰਸ਼ਾਸਨ ਦੇ ਦੋ ਸਰਕਾਰੀ ਪੱਤਰ ਵੀ ਆਪਣੇ ਸੰਬੋਧਨ ਵਿਚ ਪੜ੍ਹ ਕੇ ਸੁਣਾਏ | ਬੁਲਾਰਿਆਂ ਨੇ ਯੂ.ਟੀ. ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਬੋਲੀ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮੰਚ ਵੱਲੋਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇ ਜਾਣਗੇ | ਰੋਸ ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਉਹ ਕਿਸੇ ਹੋਰ ਭਾਸ਼ਾ ਦੇ ਖ਼ਿਲਾਫ਼ ਨਹੀਂ ਪਰ ਇਸ ਚੰਡੀਗੜ੍ਹ ਕਿੱਤੇ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਉਹ ਯਤਨਸ਼ੀਲ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਇੱਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਕੇ ਅੰਗਰੇਜ਼ੀ ਭਾਸ਼ਾ ਨੂੰ ਜ਼ਬਰਦਸਤੀ ਥੋਪ ਰਹੀ ਹੈ ਜਦਕਿ ਇੱਥੇ ਅੰਗਰੇਜ਼ੀ ਬੋਲਣ ਵਾਲੇ ਲੋਕ ਨਹੀਂ ਵੱਸ ਰਹੇ | ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਇਕ ਵਾਰੀ ਫਿਰ ਤੋਂ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੂੰ ਹਲੂਣਾ ਦੇਣ ਲਈ ਪੰਜਾਬੀ ਮੰਚ ਚੰਡੀਗੜ੍ਹ ਵੱਲੋਂ ਇਹ ਰੋਸ ਧਰਨਾ ਦਿੱਤਾ ਗਿਆ ਤਾਂ ਜੋ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੰਨਾਂ ਤੱਕ ਮਾਂ ਬੋਲੀ ਪੰਜਾਬੀ ਦੀ ਆਵਾਜ਼ ਪਹੁੰਚ ਸਕੇ | ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਜੋਤ ਸਿੰਘ ਸਾਹਨੀ, ਪਵਿੱਤਰ ਸਿੰਘ ਖੁੱਡਾ ਅਲੀਸ਼ੇਰ,ਗੀਤਕਾਰ ਭੁਪਿੰਦਰ ਮਟੌਰੀਆ, ਅਦਾਕਾਰਾ ਪੰਮੀ ਸਿੱਧੂ ਸੰਧੂ, ਮੋਹਾਲੀ ਤੋਂ ਕੌਂਸਲਰ ਸਤਬੀਰ ਸਿੰਘ ਧਨੋਆ | ਕਵਿੱਤਰੀ ਦਵਿੰਦਰ ਕੌਰ ਢਿੱਲੋਂ, ਬਲਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਗਾਇਕ ਤੇ ਗੀਤਕਾਰ ਕ੍ਰਿਸ਼ਨ ਰਾਹੀ ਆਦਿ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ |