ਪੰਚਕੂਲਾ, 21 ਫਰਵਰੀ (ਕਪਿਲ)-ਪੰਚਕੂਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਨਿਸ਼ਾ ਯਾਦਵ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਪ੍ਰੀਸ਼ਦ ਨਾਲ ਕਰੋੜਾਂ ਰੁ. ਦੀ ਠੱਗੀ ਮਾਰਨ ਦੇ ਮਾਮਲੇ 'ਚ ਸਥਾਨਕ ਸੈਕਟਰ-7 ਦੇ ਥਾਣੇ ਦੀ ਪੁਲਿਸ ਵਲੋਂ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਏ. ਡੀ. ਸੀ. ਦਫ਼ਤਰ 'ਚ ਤਾਇਨਾਤ ਇਕ ਕਰਮਚਾਰੀ ਵਲੋਂ ਏ. ਡੀ. ਸੀ. ਦੇ ਨਕਲੀ ਦਸਤਖ਼ਤ ਕਰਕੇ ਕਰੋੜਾਂ ਰੁ. ਦੀ ਠੱਗੀ ਮਾਰੀ ਗਈ ਹੈ | ਇਸ ਮਾਮਲੇ 'ਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਮਾਮਲੇ ਦੀ ਜਾਂਚ ਦੌਰਾਨ 9 ਕਰੋੜ 72 ਲੱਖ 74 ਹਜ਼ਾਰ 210 ਰੁ. ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਜਿਹੜੇ ਵੀ ਕਰਮਚਾਰੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਫਰਮਾਂ ਦੇ ਨਾਂਅ 'ਤੇ ਪੈਸਾ ਟਰਾਂਸਫ਼ਰ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ 25.50 ਲੱਖ ਰੁ. ਦੀ ਠੱਗੀ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ, ਪਰ ਜਾਂਚ ਤੋਂ ਬਾਅਦ ਇਹ ਮਾਮਲਾ 9 ਕਰੋੜ 72 ਲੱਖ 74 ਹਜ਼ਾਰ 210 ਰੁ. ਦੀ ਠੱਗੀ ਦਾ ਨਿਕਲਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ ਜ਼ਿਲ੍ਹਾ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਘਪਲੇ 'ਚ ਭਾਰਤ ਸਰਕਾਰ ਦੀ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਯੋਜਨਾ ਦੇ ਇੰਚਾਰਜ ਦਿਨੇਸ਼ ਤੇ ਡਾਟਾ ਐਂਟਰੀ ਆਪ੍ਰੇਟਰ ਗਗਨਦੀਪ ਸਮੇਤ ਦੋ ਹੋਰ ਮੁਲਜ਼ਮ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਿ ਇਨ੍ਹਾਂ ਮੁਲਜ਼ਮਾਂ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਨਕਲੀ ਦਸਤਖ਼ਤ ਕਰਕੇ ਕਈ ਸਾਲਾਂ ਦੌਰਾਨ 9 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਠੱਗੀ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਵਲੋਂ ਨਕਲੀ ਫਾਰਮਾਂ ਵੀ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲੇ ਏ. ਡੀ. ਸੀ. ਨਿਸ਼ਾ ਯਾਦਵ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ |