ਚੰਡੀਗੜ੍ਹ, 21 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਅਤੇ ਹਰਿਆਣਾ ਖੇਤਰ ਵਿਚ ਸਰਦ ਰੁੱਤ ਆਪਣੇ ਆਖ਼ਰੀ ਪੜਾਅ ਵਿਚ ਪਹੁੰਚ ਗਈ ਹੈ | ਦਿਨ ਤੇ ਰਾਤ ਦੇ ਤਾਪਮਾਨ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਠੰਢੀਆਂ ਹਵਾਵਾਂ ਵਗਣੀਆਂ ਰੁੱਕ ਗਈਆਂ ਹਨ | ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅਗਲੇ 7 ਦਿਨਾਂ ਤੱਕ ਮੌਸਮ ਖ਼ੁਸ਼ਕ ਅਤੇ ਸਾਫ਼ ਰਹਿਣ ਦਾ ਅਨੁਮਾਨ ਹੈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਪੰਜਾਬ ਭਰ 'ਚ ਸੰਘਣੀ ਤੋਂ ਜ਼ਿਆਦਾ ਸੰਘਣੀ ਧੁੰਦ ਛਾਈ ਰਹੀ, ਜਦੋਂ ਕਿ ਪਟਿਆਲਾ ਵਿਚ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ | ਭਾਵੇਂ ਕਿ ਸੂਬੇ ਵਿਚ ਠੰਢ ਦਾ ਪ੍ਰਭਾਵ ਘੱਟ ਗਿਆ ਹੈ, ਪਰ ਰਾਤਾਂ ਅਜੇ ਠੰਢੀਆਂ ਚੱਲ ਰਹੀਆਂ ਹਨ | ਲੰਘੇ 24 ਘੰਟਿਆਂ ਦੌਰਾਨ ਪੰਜਾਬ 'ਚ ਰਾਤ ਦਾ ਘੱਟੋ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ, ਜਦੋਂ ਕਿ ਹੋਰਨਾਂ ਥਾਵਾਂ 'ਤੇ ਰਾਤ ਦਾ ਤਾਪਮਾਨ ਅੰਮਿ੍ਤਸਰ 'ਚ 8.6 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 9 ਡਿਗਰੀ, ਫ਼ਰੀਦਕੋਟ ਤੇ ਫ਼ਿਰੋਜ਼ਪੁਰ 'ਚ 10 ਡਿਗਰੀ, ਲੁਧਿਆਣਾ 'ਚ 12.2 ਡਿਗਰੀ, ਪਟਿਆਲਾ 'ਚ 13.4 ਡਿਗਰੀ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 13.5 ਡਿਗਰੀ ਸੈਲਸੀਅਸ ਰਿਹਾ | ਸੂਬੇ ਵਿਚ ਸ਼ਨੀਵਾਰ ਦਾ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਰੂਪਨਗਰ ਵਿਚ ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ ਵਿਚ ਰਾਤ ਦਾ ਤਾਪਮਾਨ 12.9 ਅਤੇ ਦਿਨ ਦਾ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸੇ ਤਰ੍ਹਾਂ ਹਰਿਆਣਾ ਵਿਚ ਦੇ ਬਹੁਤ ਸਾਰੇ ਇਲਾਕਿਆਂ ਵਿਚ ਸੰਘਣੀ ਤੋਂ ਜ਼ਿਆਦਾ ਸੰਘਣੀ ਧੁੰਦ ਪਈ | ਜਦੋਂ ਕਿ ਕਰਨਾਲ ਵਿਚ ਸਭ ਤੋਂ ਜ਼ਿਆਦਾ ਸੰਘਣੀ ਧੁੰਦ ਪਈ | ਸੂਬੇ 'ਚ ਰਾਤ ਦਾ ਘੱਟ ਤੋਂ ਘੱਟ ਤਾਪਮਾਨ 10.3 ਹਿਸਾਰ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 29.1 ਡਿਗਰੀ ਸੈਲਸੀਅਸ ਪਲਵਲ ਵਿਚ ਦਰਜ ਕੀਤਾ ਗਿਆ |