ਚੰਡੀਗੜ੍ਹ, 21 ਫ਼ਰਵਰੀ (ਪ੍ਰੋ.ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਪੋਸਟ ਗੈ੍ਰਜੂਏਟ ਵਿਭਾਗ ਵਲੋਂ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮਲਵਿੰਦਰ ਸਿੰਘ ਕੰਗ, ਮੈਂਬਰ, ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ, ਵਿਸ਼ੇਸ਼ ਮਹਿਮਾਨ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਨੇ ਕੀਤੀ | ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੱਭਿਆਚਾਰ, ਵਿੱਤੀ ਸਥਿਤੀ ਅਤੇ ਸਮਾਜਿਕ ਪਛਾਣ ਦੀ ਰੱਖਿਆ ਲਈ ਮਾਤ ਭਾਸ਼ਾ ਇਕ ਮਹੱਤਵਪੂਰਨ ਪਹਿਲੂ ਹੈ | ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਸੱਭਿਆਚਾਰ-ਨਿਰਮਾਣ ਦੀ ਇਸ ਪ੍ਰਕਿਰਿਆ ਵਿਚ ਜਾਗਰੂਕ ਹੋਣ ਅਤੇ ਹਿੱਸਾ ਲੈਣ ਦੀ ਅਪੀਲ ਕੀਤੀ | ਉਨ੍ਹਾਂ ਨੇ ਕਾਲਜ ਨੂੰ ਐੱਮ.ਪੀ.ਐੱਲ.ਏ.ਡੀ. ਫੰਡ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਡਾ. ਯੋਗਰਾਜ ਅੰਗਰਿਸ਼ ਮੁਖੀ ਪੰਜਾਬੀ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਗੁਰਮੁੱਖ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਾਤ ਭਾਸ਼ਾ ਪੰਜਾਬੀ ਵਿਸ਼ੇ 'ਤੇ ਪੇਪਰ ਪੜਿ੍ਹਆ | ਇਸ ਮੌਕੇ 'ਤੇ ਡਾ. ਯੋਗਰਾਜ ਅੰਗਰਿਸ਼ ਨੇ ਮਾਂ-ਬੋਲੀ ਪੰਜਾਬੀ ਨਾਲ ਭਾਵਨਾਤਮਕ ਪੱਧਰ 'ਤੇ ਜੁੜਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਯੂਨੈਸਕੋ ਅਨੁਸਾਰ ਪੰਜਾਬੀ ਨੂੰ ਮਰ ਰਹੀ ਭਾਸ਼ਾ ਐਲਾਨ ਦਿੱਤਾ ਗਿਆ ਸੀ ਪਰ ਅਜੋਕੀ ਵਿਚਾਰ ਚਰਚਾ ਵਰਗੇ ਕਾਰਜਾਂ ਦੁਆਰਾ ਇਸ ਨੂੰ ਬਚਾਇਆ ਜਾ ਰਿਹਾ ਹੈ | ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਨੇ ਪੰਜਾਬ ਵਿਚ ਭਾਸ਼ਾ ਦੇ ਰਾਜਨੀਤਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਨਾਲ ਹੀ ਨਹੀਂ, ਸਗੋਂ ਪਛਾਣ ਤੇ ਭਾਈਚਾਰੇ ਨਾਲ ਵੀ ਜੁੜੀ ਹੋਈ ਹੈ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰੋ. ਕੁਲਬੀਰ ਸਿੰਘ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਰੋਤਿਆਂ ਵਜੋਂ ਸ਼ਾਮਲ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਲਈ ਪ੍ਰਬੰਧਕ ਕਮੇਟੀ ਡਾ. ਸਰਬਜੀਤ ਕੌਰ (ਕੋਆਰਡੀਨੇਟਰ), ਡਾ. ਤੇਜਿੰਦਰ ਸਿੰਘ (ਸਹਿ-ਕੋਆਰਡੀਨੇਟਰ), ਡਾ. ਜਸਵਿੰਦਰ ਕੌਰ, ਡਾ. ਜਗਦੀਪ ਸਿੰਘ, ਡਾ. ਹੰਸਪ੍ਰੀਤ ਕੌਰ, ਡਾ. ਬੇਅੰਤ ਕੌਰ, ਪ੍ਰੋ.ਗਗਨਦੀਪ ਸਿੰਘ, ਪ੍ਰੋ. ਹਰਮਨਪ੍ਰੀਤ ਸਿੰਘ ਅਤੇ ਪ੍ਰੋ. ਪੂਜਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ |