ਮੁੱਲਾਂਪੁਰ ਗਰੀਬਦਾਸ,21 ਫਰਵਰੀ (ਦਿਲਬਰ ਸਿੰਘ ਖੈਰਪੁਰ)-ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਵਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਰਮਨ ਕਰੋੜੀਆ ਬਲਾਕ ਖੇਤੀਬਾੜੀ ਅਫ਼ਸਰ ਮਾਜਰੀ ਦੀ ਅਗਵਾਈ ਹੇਠ ਆਤਮਾ ਸਕੀਮ ਤਹਿਤ ਸੈਲਫ ਹੈਲਪ ਗਰੁੱਪ ਸਲੇਮਪੁਰ ਖੁਰਦ ਵਿਖੇ ਕਿਸਾਨ ਬੀਬੀਆਂ ਨੂੰ ਦੋ ਦਿਨਾਂ ਬੇਕਰੀ ਸੰਬੰਧੀ ਟ੍ਰੇਨਿੰਗ ਦਿੱਤੀ ਗਈ | ਇਸ ਮੌਕੇ ਸੈਲਫ ਹੈਲਪ ਗਰੁੱਪ ਦੀ ਆਮਦਨ 'ਚ ਵਾਧਾ ਕਰਨ ਲਈ ਸਰਬਜੀਤ ਕੌਰ ਵਲੋਂ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ | ਟ੍ਰੇਨਿੰਗ ਦੌਰਾਨ ਬੀਬੀਆਂ ਨੂੰ ਕੱਪ ਕੇਕਸ, ਬ੍ਰਾਉਨੀ, ਮੱਠੀਆਂ ਅਤੇ ਕੱਦੂ ਦੇ ਲੱਡੂ ਬਣਾਉਣ ਦੀ ਮੁਕੰਮਲ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਸਰਬਜੀਤ ਕੌਰ ਵਲੋਂ ਹਾਜ਼ਰੀਨਾਂ ਨੂੰ ਫੂਡ ਨਿਊਟਰੀਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮੋਟੇ ਅਨਾਜ (ਜਵਾਰ, ਰਾਗੀ, ਬਾਜਰਾ, ਕੋਧਰਾ) ਤੋਂ ਵੀ ਕੱਪ ਕੇਕਸ ਅਤੇ ਡੋਨਟ ਬਣਾਏ ਜਾ ਸਕਦੇ ਹਨ, ਜਿਸ ਨਾਲ ਖਾਣੇ ਦੀ ਗੁਣਵੱਤਾ ਵਧਦੀ ਹੈ | ਇਸੇ ਦੌਰਾਨ ਸਿਮਰਨਜੀਤ ਕੌਰ ਖੇਤੀਬਾੜੀ ਸਹਾਇਕ (ਆਤਮਾ) ਨੇ ਟ੍ਰੇਨਿੰਗ ਲੈਣ ਵਾਲੀਆਂ ਬੀਬੀਆਂ ਨੂੰ ਇਸ ਤਰ੍ਹਾਂ ਦੀ ਹੋਰ ਟ੍ਰੇਨਿੰਗਾਂ ਦੇਣ ਅਤੇ ਇਸ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰਨ ਬਾਰੇ ਜਾਗਰੂਕ ਕੀਤਾ, ਜਦਕਿਕ ਜਸਵੰਤ ਸਿੰਘ ਏ. ਟੀ. ਐਮ (ਆਤਮਾ) ਨੇ ਬੀਬੀਆਂ ਨੂੰ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਗੁਰਜੋਤ ਕੌਰ, ਸੁਖਵਿੰਦਰ ਕੌਰ ਤੇ ਗੁਰਪਾਲ ਕੌਰ ਤੋਂ ਇਲਾਵਾ 25 ਕਿਸਾਨ ਬੀਬੀਆਂ ਹਾਜ਼ਰ ਸਨ |