ਚੰਡੀਗੜ੍ਹ, 23 ਫਰਵਰੀ (ਵਿਕਰਮਜੀਤ ਸਿੰਘ ਮਾਨ)-ਰਾਜਧਾਨੀ ਚੰਡੀਗੜ੍ਹ 'ਚ ਇਸੇ ਸਾਲ ਹੋਣ ਵਾਲਿਆਂ ਨਿਗਮ ਚੋਣਾਂ ਤੋਂ ਪਹਿਲਾਂ ਹੀ ਜਿੱਥੇ ਸਿਆਸੀ ਹਲਚਲ ਤੇਜ਼ ਹੋ ਗਈ ਹੈ, ਉੱਥੇ ਕਿਸੇ ਵੇਲੇ ਗੱਠਜੋੜ ਕਰਕੇ ਚੋਣ ਲੜਨ ਵਾਲੇ 'ਆਪ' ਅਤੇ ਕਾਂਗਰਸ ਦੋਵੇ ਆਹਮੋ ਸਾਹਮਣੇ ਆ ਗਏ ਹਨ | ਨਿਗਮ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਆਮ ਆਦਮੀ ਪਾਰਟੀ 'ਚ ਸੰਨ ਲਾਉਣਾ ਸ਼ੁਰੂ ਕਰ ਦਿੱਤਾ ਹੈ | ਅੱਜ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਆਪਣੇ ਸੈਂਕੜੇ ਸਾਥੀਆਂ ਨਾਲ ਕਾਂਗਰਸ 'ਚ ਸ਼ਾਮਲ ਹੋ ਗਏ | ਇੰਨਾ ਆਗੂਆਂ ਨੂੰ ਸਾਬਕਾ ਉਪ-ਮੁੱਖ ਮੰਤਰੀ ਅਤੇ ਪੰਚਕੂਲਾ ਤੋਂ ਵਿਧਾਇਕ ਚੰਦਰਮੋਹਨ ਨੇ ਕਾਂਗਰਸ ਵਿਚ ਸ਼ਾਮਿਲ ਕਰਵਾਇਆ | ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਸਮੇਤ ਹੋਰ ਲੀਡਰਸ਼ਿਪ ਵੀ ਮੌਜੂਦ ਸੀ | ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ ਵਿਚ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮ ਲਤਾ, ਸਾਬਕਾ ਮੇਅਰ ਅਤੇ ਪੰਜਾਬ ਸਰਕਾਰ ਵਿਚ ਚੇਅਰਮੈਨ ਰਹੇ ਸਵ. ਪ੍ਰਦੀਪ ਛਾਬੜਾ ਦੀ ਪਤਨੀ ਰਿਤੂ ਛਾਬੜਾ, ਧਨਾਸ ਵਾਰਡ ਤੋਂ ਚੋਣ ਲੜ ਕੇ 3200 ਵੋਟਾਂ ਹਾਸਲ ਕਰਨ ਵਾਲੇ ਕੁਲਦੀਪ ਕੁੱਕੀ, ਬਾਪੂ ਧਾਮ ਵਾਰਡ ਤੋਂ 2680 ਵੋਟਾਂ ਪ੍ਰਾਪਤ ਕਰਨ ਵਾਲੇ ਯਸ਼ਪਾਲ ਕਾਲੀਆ ਅਤੇ 2336 ਵੋਟਾਂ ਪ੍ਰਾਪਤ ਕਰਨ ਵਾਲੇ ਹਰਜਿੰਦਰ ਸਿੰਘ ਬਾਵਾ ਮੁੱਖ ਤੌਰ 'ਤੇ ਸ਼ਾਮਲ ਹਨ | ਕਾਂਗਰਸ ਭਵਨ ਵਿਚ ਕਰਵਾਏ ਸਮਾਗਮ ਦੌਰਾਨ ਐਚ.ਐਸ.ਲੱਕੀ ਦੇ ਨਾਲ ਏ.ਆਈ.ਸੀ.ਸੀ. ਦੇ ਸਕੱਤਰ ਚੇਤਨ ਚੌਹਾਨ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੇ ਕਿਹਾ ਕਿ ਚੰਡੀਗੜ੍ਹ ਵਿਚ ਕਾਂਗਰਸ ਸੰਗਠਨ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ |