ਪਿੱਕ ਐਂਡ ਡਰੌਪ ਲਈ 28 ਰੁਪਏ ਪਾਰਕਿੰਗ ਫ਼ੀਸ ਵਸੂਲੇ ਜਾਣ ਖ਼ਿਲਾਫ਼ ਇਕਜੁੱਟ ਹੋਏ ਆਟੋ ਤੇ ਕੈਬ ਚਾਲਕ
ਅਜੀਤ ਡੈਸਕ
24-02-2026
ਚੰਡੀਗੜ੍ਹ, 23 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਵਲੋਂ ਪਿਕ ਐਂਡ ਡਰੌਪ ਲਈ ਲਾਗੂ ਕੀਤੇ ਗਏ 28 ਰੁਪਏ ਪਾਰਕਿੰਗ ਸ਼ੁਲਕ ਨੂੰ ਲੈ ਕੇ ਆਟੋ-ਕੈਬ ਯੂਨੀਅਨ ਵਲੋਂ ਵਿਰੋਧ ਦਰਜ ਕਰਵਾਇਆ ਗਿਆ ਹੈ | ਯੂਨੀਅਨ ਦਾ ਦਾਅਵਾ ਹੈ ਕਿ ਪਹਿਲਾਂ ਕਦੇ ਵੀ ਇਸ ਤਰਾਂ ਦੀ ਵਸੂਲੀ ਨਹੀਂ ਕੀਤੀ ਗਈ ਅਤੇ ਇਹ ਫੈਸਲਾ ਡਰਾਈਵਰਾਂ ਲਈ ਆਰਥਿਕ ਬੋਝ ਬਣ ਰਿਹਾ ਹੈ | ਆਟੋ ਅਤੇ ਕੈਬ ਚਾਲਕਾਂ ਨੇ ਕਿਹਾ ਕਿ ਉਹ ਦਿਨ 'ਚ ਕਈ ਵਾਰ ਵੱਖ-ਵੱਖ ਥਾਵਾਂ 'ਤੇ ਸਵਾਰੀਆਂ ਨੂੰ ਛੱਡਣ ਅਤੇ ਚੁੱਕਣ ਲਈ ਜਾਂਦੇ ਹਨ | ਹਰ ਵਾਰ 28 ਰੁਪਏ ਦੇਣ ਨਾਲ ਉਨ੍ਹਾਂ ਦੀ ਰੋਜ਼ਾਨਾ ਕਮਾਈ 'ਤੇ ਅਸਰ ਪਵੇਗਾ | ਡਰਾਈਵਰਾਂ ਮੁਤਾਬਕ ਪਹਿਲਾਂ ਪਿਕ ਐਂਡ ਡਰੌਪ ਲਈ ਕੋਈ ਵੱਖਰੀ ਫ਼ੀਸ ਨਹੀਂ ਲਈ ਜਾਂਦੀ ਸੀ, ਫ਼ਿਰ ਭਾਵੇਂ ਪਾਰਕਿੰਗ ਦਾ ਪ੍ਰਬੰਧ ਨਿੱਜੀ ਠੇਕੇਦਾਰਾਂ ਕੋਲ ਸੀ ਜਾਂ ਪ੍ਰਸ਼ਾਸਨ ਕੋਲ | ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ ਹੈ | ਜਿਸ 'ਚ ਮੰਗ ਕੀਤੀ ਗਈ ਹੈ ਕਿ ਪਿਕ ਐਂਡ ਡਰੌਪ ਨੂੰ ਪਾਰਕਿੰਗ ਸ਼ੁਲਕ ਤੋਂ ਛੋਟ ਦਿੱਤੀ ਜਾਵੇ ਜਾਂ ਡਰਾਈਵਰਾਂ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ | ਆਗੂਆਂ ਦਾ ਕਹਿਣਾ ਸੀ ਕਿ ਨਿਗਮ ਵਲੋਂ ਇਹ ਫ਼ੈਸਲਾ ਬਿਨਾਂ ਡਰਾਈਵਰ ਭਾਈਚਾਰੇ ਨਾਲ ਸਲਾਹ-ਮਸ਼ਵਰਾ ਕੀਤੇ ਲਿਆ ਗਿਆ ਹੈ, ਜੋ ਕਿ ਠੀਕ ਨਹੀਂ | ਚਾਲਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕੋਈ ਹੱਲ ਨਾ ਨਿਕਲਿਆ ਤਾਂ ਉਹ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਲੋੜ ਪੈਣ 'ਤੇ ਹੜਤਾਲ ਦਾ ਰਾਹ ਵੀ ਅਖ਼ਤਿਆਰ ਕੀਤਾ ਜਾ ਸਕਦਾ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਮਸਲੇ ਦਾ ਅਸਰ ਸਿਰਫ਼ ਡਰਾਈਵਰਾਂ 'ਤੇ ਹੀ ਨਹੀਂ, ਸਗੋਂ ਆਮ ਜਨਤਾ 'ਤੇ ਵੀ ਪਵੇਗਾ ਕਿਉਂਕਿ ਸਵਾਰੀਆਂ ਨੂੰ ਵਾਧੂ ਭਾੜਾ ਦੇਣਾ ਪੈ ਸਕਦਾ ਹੈ | ਮੇਅਰ ਸੌਰਭ ਜੋਸ਼ੀ ਨੇ ਡਰਾਈਵਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਸੰਬੰਧਤ ਅਧਿਕਾਰੀਆਂ ਨਾਲ ਚਰਚਾ ਕਰਕੇ ਉਚਿਤ ਫ਼ੈਸਲਾ ਲਿਆ ਜਾਵੇਗਾ | ਫ਼ਿਲਹਾਲ ਪਿਕ ਐਂਡ ਡਰੌਪ ਫ਼ੀਸ ਨੂੰ ਲੈ ਕੇ ਚਾਲਕਾਂ ਵਿਚ ਰੋਸ ਜਾਰੀ ਹੈ ਅਤੇ ਸਾਰਿਆਂ ਦੀ ਨਜ਼ਰ ਨਗਰ ਨਿਗਮ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ |