ਐੱਸ. ਏ. ਐੱਸ. ਨਗਰ, 23 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-85 ਸਥਿਤ ਵੇਵ ਅਸਟੇਟ ਵਿਖੇ ਧਰਮ ਸੇਵਾ ਸੰਮਤੀ ਮੁਹਾਲੀ ਵਲੋਂ ਸਰਬ-ਧਰਮ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਧਰਮਾਂ ਦੇ ਪ੍ਰਤੀਨਿੱਧੀਆਂ ਨੇ ਹਾਜ਼ਰੀ ਭਰ ਕੇ ਭਾਈਚਾਰੇ, ਸਾਂਝ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ | ਸਮਾਗਮ ਵਿਚ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਤਿੰਮੋਵਾਲ, ਸਨਾਤਨ ਧਰਮ ਤੋਂ ਪ੍ਰੋ. ਗਜਿੰਦਰ ਵਸ਼ਿਸ਼ਟ ਅਤੇ ਆਰ. ਐੱਸ. ਐੱਸ. ਮੁਹਾਲੀ ਦੇ ਜਨਰਲ ਸਕੱਤਰ ਐਡਵੋਕੇਟ ਵਿਕਾਸ ਠਾਕੁਰ ਨੇ ਆਪਣੇ ਵਿਚਾਰ ਰੱਖੇ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਮਾਜ ਸੇਵੀ ਹਰਦੇਵ ਸਿੰਘ ਉੱਭਾ ਵਲੋਂ ਨਿਭਾਈ ਗਈ | ਇਸ ਮੌਕੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਈ ਗੁਰਪਾਲ ਸਿੰਘ ਤਿੰਮੋਵਾਲ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਜੀਵਨੀ ਅਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿੱਖ ਧਰਮ ਸੇਵਾ, ਬਰਾਬਰੀ ਅਤੇ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ, ਜਦਕਿ ਪ੍ਰੋ. ਗਜਿੰਦਰ ਵਸ਼ਿਸ਼ਟ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਰਬ-ਧਰਮ ਸੰਮੇਲਨ ਪਿਆਰ, ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਸੁੰਦਰ ਗੁਲਦਸਤਾ ਹੈ, ਜਿਥੇ ਕਿ ਸਿੱਖ ਧਰਮ ਦਿ੍ੜਤਾ ਅਤੇ ਹਿੰਦੂ ਧਰਮ ਸਹਿਣਸ਼ੀਲਤਾ ਦਾ ਸੰਦੇਸ਼ ਦਿੰਦੇ ਹਨ | ਅੰਤ 'ਚ ਆਰ. ਐੱਸ. ਐੱਸ. ਮੁਹਾਲੀ ਦੇ ਜਨਰਲ ਸਕੱਤਰ ਐਡਵੋਕੇਟ ਵਿਕਾਸ ਠਾਕੁਰ ਨੇ ਕਿਹਾ ਕਿ ਜਾਤ-ਪਾਤ ਅਤੇ ਧਰਮ ਦੇ ਨਾਂਅ 'ਤੇ ਟਕਰਾਅ ਨੂੰ ਖ਼ਤਮ ਕਰਨਾ ਸਮੇਂ ਦੀ ਮੁੱਖ ਲੋੜ ਹੈ |