06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਕੂਲ ਸਟਾਫ਼ ਦੀ ਚੌਕਸੀ ਨਾਲ ਸਕੂਲ 'ਚੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਦੋ ਸ਼ੱਕੀਆਂ ਦੀ ਤਸਵੀਰ

Ad Position 21
No active advertisement
ਅਜੀਤ ਡੈਸਕ 24-02-2026
ਜ਼ੀਰਕਪੁਰ, 23 ਫਰਵਰੀ (ਮਨਿੰਦਰ ਸਿੰਘ)-ਢਕੌਲੀ ਦੇ ਸ਼ਾਲੀਮਾਰ ਇਨਕਲੇਵ ਸਥਿਤ ਫਸਟ ਸਟੈਪ ਪ੍ਰੀ-ਨਰਸਰੀ ਸਕੂਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਅਣਪਛਾਤੇ ਵਿਅਕਤੀ ਇਕ ਵਿਦਿਆਰਥੀ ਦੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਹੋਏ ਉਸ ਨੂੰ ਅਗਵਾ ਕਰਨ ਦੇ ਇਰਾਦੇ ਨਾਲ ਸਕੂਲ ਦੇ ਵਿਹੜੇ 'ਚ ਦਾਖਲ ਹੋ ਗਏ, ਪਰ ਸਕੂਲ ਸਟਾਫ਼ ਦੀ ਚੌਕਸੀ ਤੇ ਤੁਰੰਤ ਕਾਰਵਾਈ ਨੇ ਇਕ ਸੰਭਾਵੀ ਵੱਡੀ ਘਟਨਾ ਨੂੰ ਨਾਕਾਮ ਕਰ ਦਿੱਤਾ | ਇਸ ਮਾਮਲੇ ਸੰਬੰਧੀ ਵਿਦਿਆਰਥੀ ਕੀਰਤ ਦੇ ਪਿਤਾ ਨੇ ਦੋਸ਼ ਲਗਾਇਆ ਕਿ ਸ਼ਨਿੱਚਰਵਾਰ ਦੁਪਹਿਰ ਨੂੰ ਦੋ ਵਿਅਕਤੀ ਸਕੂਲ ਦੇ ਗੇਟ 'ਤੇ ਪਹੁੰਚੇ ਅਤੇ ਗੇਟ 'ਤੇ ਤਾਇਨਾਤ ਸੁਰੱਖਿਆ ਕਰਮੀ ਨੂੰ ਵਿਦਿਆਰਥੀ ਕੀਰਤ ਦਾ ਚਾਚਾ ਦੱਸ ਕੇ ਬੱਚੇ ਨੂੰ ਘਰ ਲੈ ਜਾਣ ਲਈ ਕਹਿਣ ਲੱਗੇ, ਜਿਸ ਦੌਰਾਨ ਸੁਰੱਖਿਆ ਕਰਮੀ ਨੇ ਸਕੂਲ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਮਾਪਿਆਂ ਦੀ ਪੂਰਵ ਸੂਚਨਾ ਜਾਂ ਇਜਾਜ਼ਤ ਤੋਂ ਬਿਨਾਂ ਬੱਚੇ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ | ਇਸ ਦੇ ਬਾਵਜੂਦ ਦੋਵੇਂ ਵਿਅਕਤੀ ਜਬਰਦਸਤੀ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ | ਸੂਚਨਾ ਮਿਲਣ 'ਤੇ ਕਲਾਸ ਟੀਚਰ ਨੇ ਵੀ ਮੌਕੇ 'ਤੇ ਪਹੁੰਚ ਸ਼ੱਕੀਆਂ ਨੂੰ ਵੀ ਇਹੀ ਬਿਆਨ ਦੁਹਰਾਇਆ | ਸਕੂਲ ਪਿ੍ੰਸੀਪਲ ਪ੍ਰੀਤੀ ਗੁਪਤਾ ਅਨੁਸਾਰ ਅਧਿਆਪਕ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਰਿਸ਼ਤੇਦਾਰ ਨੂੰ ਬੱਚੇ ਨੂੰ ਲੈਣ ਲਈ ਭੇਜਿਆ ਜਾਂਦਾ ਹੈ ਤਾਂ ਮਾਪਿਆਂ ਨੂੰ ਪਹਿਲਾਂ ਉਨ੍ਹਾਂ ਨੂੰ ਫ਼ੋਨ 'ਤੇ ਸੂਚਿਤ ਕਰਨਾ ਪੈਂਦਾ ਹੈ | ਜਿਵੇਂ ਹੀ ਅਧਿਆਪਕ ਨੇ ਬੱਚੇ ਦੇ ਘਰ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਸ਼ੱਕੀ ਘਬਰਾ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਪੇ ਡਰੇ ਹੋਏ ਹਨ ਤੇ ਸਾਵਧਾਨੀ ਵਜੋਂ ਪਿਛਲੇ ਦੋ ਦਿਨਾਂ ਤੋਂ ਆਪਣੇ ਬੱਚੇ ਨੂੰ ਸਕੂਲ ਨਹੀਂ ਭੇਜ ਰਹੇ | ਬੱਚੇ ਦੇ ਪਿਤਾ ਦਾ ਦੋਸ਼ ਹੈ ਕਿ ਇਸ ਮਾਮਲੇ ਸੰਬੰਧੀ ਉਸ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਪਰ ਇਸ ਦੇ ਬਾਵਜੂਦ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ | ਬੱਚੇ ਦੇ ਪਿਤਾ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ 'ਚ ਸ਼ੱਕੀਆਂ ਦੀ ਪਛਾਣ ਗਣੇਸ਼ ਵਿਹਾਰ ਖੇਤਰ ਦੇ ਵਸਨੀਕਾਂ ਵਜੋਂ ਕੀਤੀ ਗਈ ਹੈ | ਉਕਤ ਮਾਮਲੇ ਸੰਬੰਧੀ ਢਕੌਲੀ ਥਾਣੇ ਦੇ ਐਸ. ਐਚ. ਓ. ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਇਕ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵਹਿਮਾਂ-ਭਰਮਾਂ ਖ਼ਿਲਾਫ਼ ਲੋਧੀਮਾਜਰਾ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ 'ਚ ਈ. ਐੱਸ. ਆਈ. ਦੀ ਮਹਿਲਾ ਮੈਨੇਜਰ ਨੂੰ 4 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ
Ad Position 24