ਵਹਿਮਾਂ-ਭਰਮਾਂ ਖ਼ਿਲਾਫ਼ ਲੋਧੀਮਾਜਰਾ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ
ਅਜੀਤ ਡੈਸਕ
24-02-2026
ਸ੍ਰੀ ਅਨੰਦਪੁਰ ਸਾਹਿਬ, 23 ਫਰਵਰੀ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਤੋਂ ਪਹਿਲਾਂ ਡੇਰਾਵਾਦ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਪੋਸਟਰ ਮੁਹਿੰਮ ਲਗਾਉਣ ਪਹੁੰਚੇ ਗੁਰਮਤਿ ਵਿਚਾਰ ਮੰਚ ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਨੇ ਕਿਹਾ ਕਿ ਉਹ ਹੁਣ ਤੱਕ ਬੀਤੇ 25 ਸਾਲਾਂ ਤੋਂ 2 ਲੱਖ ਤੋਂ ਵੱਧ ਪੋਸਟਰ ਲਗਾ ਕੇ ਸਿੱਖਾਂ ਨੂੰ ਵਹਿਮਾਂ ਭਰਮਾਂ ਅਤੇ ਡੇਰਾਵਾਦ ਦੇ ਖਿਲਾਫ ਜਾਗਰੂਕ ਕਰ ਚੁੱਕੇ ਹਨ, ਪਰ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਅੰਦਰ ਵੀ ਸਿੱਖ ਪੰਥ ਜਾਤਾਂ-ਪਾਤਾਂ ਅਤੇ ਵਹਿਮਾਂ-ਭਰਮਾਂ ਵਿਚ ਫਸਿਆ ਹੋਇਆ ਹੈ | ਉਹਨਾਂ ਕਿਹਾ ਕਿ ਉਹ ਸ੍ਰੀ ਅੰਮਿ੍ਤਸਰ ਸਾਹਿਬ, ਤਲਵੰਡੀ ਸਾਬੋ, ਸੱਚਖੰਡ ਸ੍ਰੀ ਹਜੂਰ ਸਾਹਿਬ, ਪਟਨਾ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੇ ਜਾ ਕੇ ਪੋਸਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ |
ਲੋਧੀਮਾਜਰਾ ਨੇ ਕਿਹਾ ਕਿ ਪੋਸਟਰ ਮੁਹਿੰਮ ਦੋਰਾਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਡੇਰੇਦਾਰਾਂ ਵਲੋਂ ਉਨ੍ਹਾਂ ਦੇ ਪੋਸਟਰ ਵੀ ਪਾੜ ਦਿੱਤੇ ਜਾਂਦੇ ਹਨ ਅਤੇ ਕਈ ਨਾਹ ਪੱਖੀ ਘਟਨਾਵਾਂ ਵੀ ਵਾਪਰਦੀਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਸਮੁੱਚੀ ਲੁਕਾਈ ਨੂੰ ਵਹਿਮਾਂ-ਭਰਮਾਂ ਚ ਕੱਢ ਕੇ ਮਨੁੱਖਤਾਂ ਦਾ ਕਲਿਆਣ ਕੀਤਾ ਸੀ | ਪਰੰਤੂ ਸਥਿਤੀ ਹੁਣ ਵੀ ਜਿਉਂ ਦੀ ਤਿਉਂ ਹੋਈ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਵਹਿਮਾਂ ਭਰਮਾਂ ਤੋਂ ਦੂਰ ਹੋਈਏ |