06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਿਸਾਨਾਂ ਦੀ ਮੱਕੀ ਤੇ ਗੰਨੇ ਦੀਆਂ ਫ਼ਸਲਾਂ ਉਜਾੜ ਰਹੇ ਨੇ ਜੰਗਲੀ ਸੂਰ

Ad Position 21
No active advertisement
ਅਜੀਤ ਡੈਸਕ 24-02-2026
ਬੇਲਾ, 23 ਫਰਵਰੀ (ਮਨਜੀਤ ਸਿੰਘ ਸੈਣੀ)-ਇਲਾਕੇ ਵਿਚ ਜੰਗਲੀ ਸੂਰਾਂ ਵਲੋਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਇਸ ਸੰਬੰਧੀ ਪਿੰਡ ਮਾਹਲਾਂ ਦੇ ਕਿਸਾਨ ਪਰਮਜੀਤ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਲਗਭਗ ਦੋ ਏਕੜ ਰਕਬੇ ਵਿਚ ਮਸ਼ੀਨ ਰਾਹੀਂ ਵਧੀਆ ਕਿਸਮ ਦੀ ਮੱਕੀ ਦੀ ਬੀਜਾਈ ਕੀਤੀ ਸੀ | ਫ਼ਸਲ ਪੁੰਗਰਨ ਤੋਂ ਬਾਅਦ ਜੰਗਲੀ ਸੂਰਾਂ ਦੇ ਖ਼ਤਰੇ ਨੂੰ ਦੇਖਦਿਆਂ ਉਹ ਪੂਰੇ ਹਫ਼ਤੇ ਰਾਤ ਸਮੇਂ ਖੇਤ ਵਿਚ ਰਹਿ ਕੇ ਰਾਖੀ ਕਰਦਾ ਰਿਹਾ | ਕਿਸਾਨ ਨੇ ਦੱਸਿਆ ਕਿ ਬੀਤੇ ਦਿਨ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਰਾਤ ਨੂੰ ਖੇਤ ਤੋਂ ਘਰ ਆਉਣਾ ਪਿਆ | ਅਗਲੇ ਦਿਨ ਜਦੋਂ ਉਹ ਵਾਪਸ ਖੇਤ ਵਿਚ ਗਿਆ ਤਾਂ ਦੇਖਿਆ ਕਿ ਜੰਗਲੀ ਸੂਰਾਂ ਨੇ ਪੂਰੇ ਦੋ ਏਕੜ ਵਿਚ ਉਗ ਰਹੀ ਮੱਕੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ | ਉਸ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਫ਼ਸਲ ਨੂੰ ਬਚਾਉਣ ਲਈ ਖੇਤ ਵਿਚ ਡਰਾਉਣ ਵਾਲੇ ਉਪਕਰਣ ਲਗਾਏ ਗਏ ਅਤੇ ਲੋਕਾਂ ਦੀ ਸਲਾਹ ਅਨੁਸਾਰ ਖੇਤ ਦੇ ਕੋਨਿਆਂ ਵਿਚ ਮੀਟ ਵੀ ਟੰਗਿਆ ਗਿਆ, ਪਰ ਇਸ ਦੇ ਬਾਵਜੂਦ ਸੂਰਾਂ ਨੂੰ ਰੋਕਿਆ ਨਹੀਂ ਜਾ ਸਕਿਆ | ਕਿਸਾਨ ਪਰਮਜੀਤ ਸਿੰਘ ਮੁਤਾਬਕ ਇਸ ਘਟਨਾ ਨਾਲ ਉਸ ਦਾ ਲਗਪਗ ਡੇਢ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਜਿਨ੍ਹਾਂ ਕਿਸਾਨਾਂ ਨੇ ਗੰਨੇ ਦੀ ਬਿਜਾਈ ਕੀਤੀ ਸੀ ਸੂਰਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ | ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਜੰਗਲੀ ਸੂਰਾਂ, ਨੀਲ ਗਾਵਾਂ ਦੀ ਗਿਣਤੀ ਵਧਣ ਕਾਰਨ ਮੱਕੀ, ਆਲੂ, ਗੰਨਾ, ਕਣਕ ਅਤੇ ਸਬਜ਼ੀਆਂ ਵਰਗੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ | ਰਾਤ ਦੇ ਸਮੇਂ ਟੋਲੀਆਂ ਵਿਚ ਆਉਣ ਵਾਲੇ ਸੂਰ, ਨੀਲ ਗਾਵਾਂ ਖੇਤਾਂ ਨੂੰ ਉਜਾੜ ਦੇਂਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਰਾਤਾਂ ਜਾਗ ਕੇ ਰਾਖੀ ਕਰਨੀ ਪੈਂਦੀ ਹੈ | ਸਥਾਨਕ ਕਿਸਾਨਾਂ ਨੇ ਦੱਸਿਆ ਕਿ ਜੇਕਰ ਜੰਗਲੀ ਜਾਨਵਰਾਂ ਵਲੋਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਇੰਝ ਹੀ ਵਧਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਲਈ ਮੱਕੀ ਅਤੇ ਹੋਰ ਨਕਦੀ ਫ਼ਸਲਾਂ ਦੀ ਖੇਤੀ ਕਰਨਾ ਮੁਸ਼ਕਲ ਹੋ ਸਕਦਾ ਹੈ | ਇਸ ਮੌਕੇ ਮਲਕੀਤ ਸਿੰਘ, ਜਸਵਿੰਦਰ ਸਿੰਘ, ਰਾਜ ਕੁਮਾਰ, ਭੁਪਿੰਦਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਕਰਨ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਵਾਹਨ ਦੀ ਫੇਟ ਵੱਜਣ ਨਾਲ ਬਾਰਾਂਸਿੰਗੇ ਦੀ ਮੌਤ ਅਗਲੀ ਖ਼ਬਰ ਵਹਿਮਾਂ-ਭਰਮਾਂ ਖ਼ਿਲਾਫ਼ ਲੋਧੀਮਾਜਰਾ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ
Ad Position 24