ਚੰਡੀਗੜ੍ਹ, 25 ਫ਼ਰਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਜ਼ੁਰਗ ਸਾਡੇ ਸਨਮਾਨਯੋਗ ਹਨ ਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ ਕਰਨਾ ਸਾਡੀ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ | ਮੁੱਖ ਮੰਤਰੀ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪੈਨਸ਼ਨ ਕੱਟਣ ਦੇ ਸਬੰਧ ਵਿਚ ਇਕ ਸੁਆਲ ਦੇ ਸਬੰਧ ਵਿਚ ਬੋਲ ਰਹੇ ਸਨ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੰਕਲਪ ਪੱਤਰ ਵਿਚ ਇਹ ਸਪਸ਼ਟ ਕੀਤਾ ਹੈ ਕਿ 70 ਸਾਲ ਤੋਂ ਉੱਪਰ ਦੇ ਬਜ਼ੁਰਗ ਜੇਕਰ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਹਨ, ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਲਾਜ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ | ਉਨ੍ਹਾਂ ਦੇ ਇਲਾਜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਨੇ ਵਿਵਸਥਾ ਕਰਦੇ ਹੋਏ 5 ਲੱਖ ਰੁਪਏ ਤੱਕ ਰਕਮ ਯਕੀਨੀ ਕਰ ਰੱਖੀ ਹੈ | ਉਨ੍ਹਾਂ ਨੇ ਪੈਨਸ਼ਨ ਨੂੰ ਲੈ ਕੇ ਵਿਰੋਧੀ ਧਿਰ 'ਤੇ ਪ੍ਰਹਾਰ ਕਰਦੇ ਹੋਏ ਕਿਹਾ ਕਿ ਪੈਨਸ਼ਨ ਬੰਦ ਕੀਤੇ ਜਾਣ ਨੂੰ ਲੈ ਕੇ ਵਿਰੋਧੀ ਧਿਰ ਅਫਵਾਹਾਂ ਫੈਲਾ ਰਹੀ ਹੈ | ਇਹ ਅਫਵਾਹਾਂ ਫੈਲਾ ਕੇ ਪਾਪ ਕਰ ਰਹੇ ਹਨ ਕਿ ਬਜ਼ੁਰਗਾਂ ਦੀ ਪੈਨਸ਼ਨ ਕੱਟ ਦਿੱਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੇ ਵਿਚ ਅਜਿਹਾ ਭ੍ਰਮ ਫੈਲਾਉਣ ਪੂਰੀ ਤਰ੍ਹਾਂ ਗ਼ਲਤ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੈਨਸ਼ਨ ਕੱਟੀ ਨਹੀਂ ਹੈ, ਸਗੋਂ ਉਸ ਵਿਚ ਵਾਧਾ ਕਰ ਉਨ੍ਹਾਂ ਦੇ ਸਨਮਾਨ ਨੂੰ ਵਧਾਉਣ ਦਾ ਕੰਮ ਕੀਤਾ ਹੈ | ਸੂਬੇ ਵਿਚ ਅੱਜ ਬਜ਼ੁਰਗਾਂ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਐੱਸ.ਐੱਮ.ਐੱਸ. ਰਾਹੀਂ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੀ ਪੈਨਸ਼ਨ ਬੈਂਕ ਖਾਤੇ ਵਿਚ ਜਮ੍ਹਾਂ ਹੋ ਗਈ ਹੈ | ਉਹ ਆਸਾਨੀ ਨਾਲ ਬੈਂਕ ਤੋਂ ਰਕਮ ਕੱਢ ਸਕਦੇ ਹਨ | ਮੁੱਖ ਮੰਤਰੀ ਨੇ ਕਾਂਗਰਸ ਸਰਕਾਰ ਦੇ ਸਮੇਂ ਦੀ ਤੁਲਣਾ ਕਰਦੇ ਹੋਏ ਕਿਹਾ ਕਿ ਪਹਿਲਾਂ ਬਜ਼ੁਰਗਾਂ ਨੂੰ ਕਈ ਮਹੀਨਿਆਂ ਤੱਕ ਪੈਨਸ਼ਨ ਨਹੀਂ ਮਿਲਦੀ ਸੀ | ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਕੱਟਣ ਪੈਂਦੇ ਸਨ | ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬਜ਼ੁਰਗਾਂ ਦੇ ਲਈ ਪਾਰਦਰਸ਼ੀ, ਸਨਮਾਨਜਨਕ ਅਤੇ ਸਹੂਲਤਜਨਕ ਵਿਵਸਥਾ ਬਣਾਈ ਹੈ |