ਐੱਸ. ਏ. ਐੱਸ. ਨਗਰ, 25 ਫਰਵਰੀ (ਪ੍ਰੋ. ਅਵਤਾਰ ਸਿੰਘ)-ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵਲੋਂ 'ਹੀਰੋ ਐੱਚ ਐੱਫ ਡੀਲਕਸ' ਮੋਟਰਸਾਈਕਲ ਭੇਟ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਮੋਟਰਸਾਈਕਲ ਨੂੰ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁੱਲ ਨੇੜੇ ਖੜ੍ਹਾ ਕਰਕੇ ਚਾਬੀਆਂ ਵਿਚ ਹੀ ਲਗਾ ਕੇ ਚਲਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮੋਟਰਸਾਈਕਲ ਦੇ ਸਾਰੇ ਕਾਗਜ਼ਾਤ ਤੇ ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਂਅ 'ਤੇ ਹੈ | ਉਨ੍ਹਾਂ ਦੱਸਿਆ ਕਿ ਕਾਗਜ਼ਾਂ ਦੇ ਮੁਤਾਬਿਕ ਮੋਟਰਸਾਈਕਲ ਦੀ ਕੀਮਤ 94,600 ਰੁ. ਹੈ ਤੇ ਦਾਨੀ ਸੱਜਣ ਵਲੋਂ ਸਾਰਾ ਸਾਮਾਨ ਲਗਵਾ ਕੇ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜ਼ਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਇਸ ਅਸਥਾਨ ਦੀ ਸੰਗਤਾਂ 'ਚ ਬਹੁਤ ਮਾਨਤਾ ਹੈ |