ਐੱਸ. ਏ. ਐੱਸ. ਨਗਰ, 25 ਫਰਵਰੀ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਭਾਰਤ ਦੀ ਪਹਿਲੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਇੰਡੀਆ ਨਾਕਆਊਟ ਨਾਈਟਸ' ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਹ ਚੈਂਪੀਅਨਸ਼ਿਪ ਦੇਸ਼ 'ਚ ਪੇਸ਼ੇਵਰ ਬਾਕਸਿੰਗ ਲਈ ਇਕ ਮੀਲ-ਪੱਥਰ ਸਾਬਿਤ ਹੋਵੇਗੀ | ਇਹ ਪ੍ਰਗਟਾਵਾ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਮਸ਼ਹੂਰ ਬਾਕਸਰ ਨੀਰਜ ਗੋਇਤ ਨੇ ਕੀਤਾ | ਉਨ੍ਹਾਂ ਚੈਂਪੀਅਨਸ਼ਿਪ ਦਾ ਵਿਜ਼ਨ ਸਾਂਝਾ ਕਰਦਿਆਂ ਕਿਹਾ ਕਿ ਭਾਰਤੀ ਮੁੱਕੇਬਾਜ਼ਾਂ ਨੂੰ ਉੱਚ ਪੱਧਰੀ ਪੇਸ਼ੇਵਰ ਪਲੇਟਫਾਰਮ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵਿਸ਼ਵ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ | ਇਸ ਮੌਕੇ ਦੇਸ਼ ਦੇ ਚੋਟੀ ਦੇ ਪੇਸ਼ੇਵਰ ਮੁੱਕੇਬਾਜ਼ਾਂ ਦੀ ਜਾਣ-ਪਛਾਣ ਕਰਵਾਈ ਗਈ, ਜੋ ਕਿ ਇਸ ਚੈਂਪੀਅਨਸ਼ਿਪ 'ਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ | ਇਨ੍ਹਾਂ ਮੁੱਕੇਬਾਜ਼ਾਂ 'ਚ ਅਮਿਤ ਯਾਦਵ, ਨੰਦਨੀ, ਅੰਕਿਤ ਕੁਮਾਰ, ਅਸ਼ੀਸ਼ ਸਿਵਾਚ, ਦੀਪਕ ਤੰਵਰ, ਜੋਤੀ, ਕਵੀ ਕੁਮਾਰ, ਰਿਤੇਸ਼ ਬਿਸ਼ਟ, ਸਕਸ਼ਮ ਨੇਗੀ, ਸੰਦੀਪ ਨੈਣ, ਸ਼ਿਕਸ਼ਾ, ਵਿਕਾਸ ਚਾਹਲ, ਅਰਸ਼ਦੀਪ ਬਾਠ ਅਤੇ ਸ਼ਵੇਤਾ ਆਦਿ ਸ਼ਾਮਿਲ ਸਨ | ਇਸ ਮੌਕੇ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਦੇ ਢਾਂਚੇ ਅਤੇ ਨਿਯਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਰਿੰਗ 'ਚ ਉਤਰਨ ਲਈ ਤਿਆਰ ਮੁੱਕੇਬਾਜ਼ਾਂ 'ਚ ਭਾਰੀ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦੇਖਣ ਨੂੰ ਮਿਲਿਆ | ਇਸ ਪਹਿਲਕਦਮੀ ਨਾਲ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਰਾਸ਼ਟਰੀ ਪੱਧਰ ਦੇ ਵੱਡੇ-ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ 'ਚ ਆਪਣੀ ਮੋਹਰੀ ਭੂਮਿਕਾ ਨੂੰ ਇਕ ਵਾਰ ਫਿਰ ਸਾਬਿਤ ਕੀਤਾ ਹੈ |