ਪੰਚਕੂਲਾ, 7 ਮਾਰਚ (ਕਪਿਲ)-ਕਰਨਾਲ ਦੇ ਘਰੌਂਡਾ ਵਿਖੇ ਇਕ ਡਾਕਟਰ ਨਾਲ ਐਸ. ਐਚ. ਓ. ਵਲੋਂ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਹੜਤਾਲ ਕੀਤੀ ਗਈ, ਜਿਸ ਕਾਰਨ ਹਸਪਤਾਲ ਦੀਆਂ ਸਾਰੀਆਂ ਓ. ਪੀ. ਡੀ. ਸੇਵਾਵਾਂ ਠੱਪ ਰਹੀਆਂ ਤੇ ਆਪਣੇ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਹੜਤਾਲ 'ਤੇ ਬੈਠੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੀ ਮੰਗ ਹੈ ਕਿ ਸੰਬੰਧਿਤ ਐਸ. ਐਚ. ਓ. ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰ ਪਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੂਰੇ ਹਰਿਆਣਾ 'ਚ ਡਾਕਟਰਾਂ ਵਲੋਂ ਇਕ ਦਿਨ ਦੀ ਹੜਤਾਲ ਰੱਖੀ ਗਈ ਹੈ ਤੇ ਇਸੇ ਲੜੀ ਤਹਿਤ ਉਨ੍ਹਾਂ ਵਲੋਂ ਵੀ ਕੰਮ ਬੰਦ ਰੱਖਿਆ ਗਿਆ | ਇਸ ਹੜਤਾਲ 'ਚ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਬੂਬਾ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਦਕਿ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਚਕੂਲਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੋਨਲ ਗੌਤਮ ਨੇ ਕੀਤੀ | ਇਸ ਮੌਕੇ ਡਾ. ਰਾਜੇਸ਼ ਖਿਆਲੀਆ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਘਰੌਂਡਾ 'ਚ ਥਾਣਾ ਮੁਖੀ ਵਲੋਂ ਡਾਕਟਰ ਨਾਲ ਕੀਤੀ ਗਈ ਕੁੱਟਮਾਰ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਪੁਲਿਸ ਅਧਿਕਾਰੀ ਦੀ ਮੁਅੱਤਲੀ ਇਸ ਮਸਲੇ ਦਾ ਹੱਲ ਨਹੀਂ ਹੈ, ਸਗੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਪਾਈ ਜਾਣੀ ਚਾਹੀਦੀ ਹੈ | ਇਸੇ ਦੌਰਾਨ ਡਾ. ਸੋਨਲ ਗੌਤਮ ਨੇ ਕਿਹਾ ਕਿ ਪੰਚਕੂਲਾ ਜ਼ਿਲ੍ਹੇ ਦੇ ਸਾਰੇ ਡਾਕਟਰ ਅੱਜ ਆਪਣੀਆਂ ਓ. ਪੀ. ਡੀ. ਸੇਵਾਵਾਂ ਬੰਦ ਕਰਕੇ ਹੜਤਾਲ 'ਤੇ ਬੈਠੇ ਹਨ ਅਤੇ ਉਨ੍ਹਾਂ ਦੀ ਇਕੋ ਮੰਗ ਹੈ ਕਿ ਡਾਕਟਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਪਾਈ ਜਾਵੇ | ਹੜਤਾਲ ਕਾਰਨ ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਜ ਲਈ ਸਿਵਲ ਹਸਪਤਾਲ ਪੁੱਜੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕ ਬਿਨਾਂ ਇਲਾਜ ਤੋਂ ਹੀ ਘਰਾਂ ਨੂੰ ਵਾਪਸ ਪਰਤ ਗਏ |