ਚੰਡੀਗੜ੍ਹ, 8 ਮਾਰਚ (ਅਜਾਇਬ ਸਿੰਘ ਔਜਲਾ) ਸੰਸਾਰ ਪ੍ਰਸਿੱਧ ਉੱਘੇ ਰਾਗੀ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੱਲ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਧਾਰਮਿਕ ਅਤੇ ਸੰਗੀਤਕ ਪਰੰਪਰਾ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਦੋਂ ਗੁਰਵਾਰਿਸ ਸਿੰਘ ਨੇ ਸਾਲ 2026 ਵਿਚ ਕੇਵਲ 27 ਸਾਲ ਦੀ ਉਮਰ ਵਿਚ ਸੰਗੀਤ ਵਿਸ਼ੇ ਵਿਚ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ | ਇਸ ਉਪਲਬਧੀ ਨਾਲ ਉਹ ਹੁਣ ਡਾ. ਗੁਰਵਾਰਿਸ ਸਿੰਘ ਦੇ ਨਾਮ ਨਾਲ ਜਾਣੇ ਜਾਣਗੇ | ਇੰਨੀ ਛੋਟੀ ਉਮਰ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕਰਨਾ ਨਾ ਸਿਰਫ਼ ਪਰਿਵਾਰ ਲਈ, ਸਗੋਂ ਸਾਰੇ ਇਲਾਕੇ ਅਤੇ ਸੰਗੀਤ ਜਗਤ ਲਈ ਮਾਣ ਦੀ ਗੱਲ ਮੰਨੀ ਜਾ ਰਹੀ ਹੈ | ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਦੱਸਿਆ ਕਿ ਗੁਰਵਾਰਿਸ ਸਿੰਘ ਦੇ ਖੋਜ ਕਾਰਜ ਦਾ ਵਿਸ਼ਾ Tਮਨੁੱਖੀ ਆਤਮਿਕ ਵਿਕਾਸ ਦਾ ਰਾਹ : ਗੁਰਮਤਿ ਸੰਗੀਤ'' ਰਿਹਾ, ਜਿਸ ਵਿਚ ਗੁਰਮਤਿ ਸੰਗੀਤ ਦੇ ਆਧਿਆਤਮਿਕ, ਮਨੋਵਿਗਿਆਨਕ ਅਤੇ ਸਮਾਜਿਕ ਪੱਖਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਗਿਆ | ਖੋਜ ਦੌਰਾਨ ਉਨ੍ਹਾਂ ਨੇ ਗੁਰਬਾਣੀ ਕੀਰਤਨ ਦੀ ਪਰੰਪਰਾ, ਰਾਗ ਪ੍ਰਣਾਲੀ ਅਤੇ ਮਨੁੱਖੀ ਚੇਤਨਾ 'ਤੇ ਸੰਗੀਤ ਦੇ ਪ੍ਰਭਾਵ ਵਰਗੇ ਵਿਸ਼ਿਆਂ ਨੂੰ ਵਿਸਤਿ੍ਤ ਢੰਗ ਨਾਲ ਉਜਾਗਰ ਕੀਤਾ | ਪੀ.ਐਚ.ਡੀ ਲਈ ਉਨ੍ਹਾਂ ਦੀ ਰਜਿਸਟਰੇਸ਼ਨ ਸਾਲ 2022 ਵਿਚ ਹੋਈ ਸੀ ਅਤੇ ਲਗਭਗ ਚਾਰ ਸਾਲ ਦੀ ਨਿਰੰਤਰ ਮਿਹਨਤ ਤੋਂ ਬਾਅਦ ਇਹ ਖੋਜ ਕਾਰਜ ਸਫਲਤਾਪੂਰਵਕ ਸੰਪੰਨ ਹੋਇਆ | ਇਸ ਮਹੱਤਵਪੂਰਨ ਖੋਜ ਕਾਰਜ ਦੀ ਰਹਿਨੁਮਾਈ ਪ੍ਰਸਿੱਧ ਅਧਿਆਤਮਕ ਲੇਖਕ, ਸੰਗੀਤਕਾਰ ਅਤੇ ਵਿਦਵਾਨ ਡਾ. ਸੰਗਰਾਮ ਸਿੰਘ ਨੇ ਕੀਤੀ | ਉਨ੍ਹਾਂ ਦੀ ਅਗਵਾਈ ਹੇਠ ਗੁਰਵਾਰਿਸ ਸਿੰਘ ਨੇ ਵਿੱਦਿਅਕ ਮਿਆਰਾਂ ਅਨੁਸਾਰ ਗਹਿਰਾਈ ਅਤੇ ਗੰਭੀਰਤਾ ਨਾਲ ਖੋਜ ਪੂਰੀ ਕੀਤੀ | ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਇਸ ਉਪਲਬਧੀ ਨੂੰ ਵਿਸ਼ੇਸ਼ ਤੌਰ 'ਤੇ ਸਲਾਮ ਕੀਤਾ ਗਿਆ ਹੈ | ਡਾ. ਗੁਰਵਾਰਿਸ ਸਿੰਘ ਦੇ ਪਿਤਾ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਪਿਛਲੇ 30 ਸਾਲਾਂ ਤੋਂ ਗੁਰਮਤਿ ਸੰਗੀਤ ਅਤੇ ਕੀਰਤਨ ਸੇਵਾ ਨਾਲ ਜੁੜੇ ਹੋਏ ਹਨ | ਉਹ ਧਾਰਮਿਕ ਸਮਾਗਮਾਂ ਅਤੇ ਗੁਰਦੁਆਰਿਆਂ ਵਿਚ ਕੀਰਤਨ ਰਾਹੀਂ ਆਤਮਿਕ ਸੇਵਾ ਨਿਭਾਉਂਦੇ ਆ ਰਹੇ ਹਨ | ਗੁਰਵਾਰਿਸ ਸਿੰਘ ਨੇ ਬਚਪਨ ਤੋਂ ਹੀ ਸੰਗੀਤਕ ਵਾਤਾਵਰਨ ਵਿਚ ਪਰਵਰਿਸ਼ ਪਾਈ ਅਤੇ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਨਾਲ ਕੀਰਤਨ ਦੀ ਸੇਵਾ ਨਿਭਾ ਰਹੇ ਹਨ | ਇਸ ਅਨੁਭਵ ਨੇ ਉਨ੍ਹਾਂ ਦੇ ਅਕਾਦਮਿਕ ਅਤੇ ਆਤਮਿਕ ਦਿ੍ਸ਼ਟੀਕੋਣ ਨੂੰ ਮਜ਼ਬੂਤੀ ਬਖ਼ਸ਼ੀ | ਉਨ੍ਹਾਂ ਦੀ ਮਾਤਾ ਗੁਰਪ੍ਰੀਤ ਕੌਰ ਨੇ ਵੀ ਉਨ੍ਹਾਂ ਦੀ ਸਿੱਖਿਆ ਅਤੇ ਸਾਧਨਾ ਵਿਚ ਅਹਿਮ ਭੂਮਿਕਾ ਨਿਭਾਈ | ਪਰਿਵਾਰਕ ਸਹਿਯੋਗ ਅਤੇ ਆਤਮਿਕ ਮਾਹੌਲ ਨੇ ਗੁਰਵਾਰਿਸ ਸਿੰਘ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕੀਤਾ | ਇਸੇ ਦੌਰਾਨ ਡਾ. ਗੁਰਵਾਰਿਸ ਸਿੰਘ ਨੇ ਆਪਣੀ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਆਪਣੇ ਨਿਰਦੇਸ਼ਕ ਡਾ. ਸੰਗਰਾਮ ਸਿੰਘ ਨੂੰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਰਹਿਨੁਮਾਈ, ਅਸ਼ੀਰਵਾਦ ਅਤੇ ਨਿਰੰਤਰ ਪ੍ਰੇਰਣਾ ਦਾ ਨਤੀਜਾ ਹੈ |