ਖਰੜ, 8 ਮਾਰਚ (ਜੰਡਪੁਰੀ)-ਲਾਂਡਰਾਂ ਰੋਡ 'ਤੇ ਸਥਿਤ ਫੂਡ ਵੇ 43 ਰੈਸਟੋਰੈਂਟ 'ਚ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਛਾਪਾ ਮਾਰ ਕੇ ਰੈਸਟੋਰੈਂਟ 'ਚੋਂ 88 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਟੀਮ ਨੇ ਰੋਪੜ ਰੇਂਜ ਦੇ ਅਸਿਸਟੈਂਟ ਕਮਿਸ਼ਨਰ ਅਸ਼ੋਕ ਚਲਹੋਤਰਾ ਦੀ ਦੇਖ-ਰੇਖ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਫੂਡ-ਵੇ 43 ਰੈਸਟੋਰੈਂਟ ਲਾਂਡਰਾ ਰੋਡ ਖਰੜ 'ਤੇ ਦੇਰ ਸ਼ਾਮ ਛਾਪੇਮਾਰੀ ਕੀਤੀ ਅਤੇ ਰੈਸਟੋਰੈਂਟ ਦੀ ਕੀਤੀ ਗਈ ਬਾਰੀਕੀ ਜਾਂਚ ਦੌਰਾਨ ਟੀਮ ਨੂੰ ਰੈਸਟੋਰੈਂਟ ਤੋਂ ਚੰਡੀਗੜ੍ਹ ਵਿਖੇ ਵਿਕਰੀ ਯੋਗ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ | ਇਸ ਬਰਾਮਦ ਸ਼ਰਾਬ 'ਚ ਵੱਖ-ਵੱਖ ਬ੍ਰਾਂਡਾਂ ਦੀਆਂ 41 ਪੇਟੀਆਂ ਇੰਗਲਿਸ਼ ਵਿਸਕੀ ਅਤੇ 47 ਪੇਟੀਆਂ ਬੀਅਰ ਦੀਆਂ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਮਾਲਕ ਦਵਿੰਦਰ ਕੁਮਾਰ ਨੂੰ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਰੈਸਟੋਰੈਂਟ ਪਿਛਲੇ ਕਰੀਬ ਇਕ ਮਹੀਨੇ ਤੋਂ ਬਿਨਾਂ ਕਿਸੇ ਲਾਇਸੰਸ ਦੇ ਗ੍ਰਾਹਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚਣ ਅਤੇ ਪਰੋਸਣ ਦਾ ਕੰਮ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਅਧਿਕਾਰੀਆਂ ਨੇ ਸ਼ਰਾਬ ਰੱਖਣ ਸੰਬੰਧੀ ਪਾਸ ਜਾਂ ਪਰਮਿਟ ਦੀ ਮੰਗ ਕੀਤੀ ਤਾਂ ਮੁਲਜ਼ਮ ਕੋਈ ਵੀ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਇਸ ਮੌਕੇ ਪਹੁੰਚੀ ਪੁਲਿਸ ਥਾਣਾ ਸਿਟੀ ਖਰੜ ਵਲੋਂ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਕਾਬੂ ਕਥਿਤ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61 ਅਤੇ 68 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਅਗੀ ਹੈ |