ਚੰਡੀਗੜ੍ਹ/ਜੋਧਪੁਰ, 9 ਮਾਰਚ (ਅ.ਬ.) ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਵੱਲੋਂ ਸੀਨੀਅਰ ਪੱਤਰਕਾਰਾਂ ਦਾ ਇੱਕ ਵਫ਼ਦ 8 ਤੋਂ 14 ਮਾਰਚ ਦੌਰਾਨ ਰਾਜਸਥਾਨ ਦੇ ਦੌਰੇ 'ਤੇ ਹੈ | ਇਸ ਦੌਰਾਨ ਅੱਜ 9 ਮਾਰਚ ਨੂੰ ਵਫ਼ਦ ਨੇ ਕਾਜਰੀ ਅਤੇ ਆਫਰੀ ਦਾ ਦੌਰਾ ਕੀਤਾ | ਵਫ਼ਦ ਨੇ ਕੇਂਦਰੀ ਖੁਸ਼ਕ ਖੇਤਰ ਖੋਜ ਸੰਸਥਾਨ (ਕਾਜ਼ਰੀ) ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕਾਜਰੀ ਦੇ ਨਿਦੇਸ਼ਕ ਡਾ. ਸੁਰੇਸ਼ਪਾਲ ਸਿੰਘ ਤੰਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਜਰੀ ਥਾਰ ਮਾਰੂਥਲ ਅਤੇ ਲੇਹ ਵਰਗੇ ਠੰਢੇ ਰੇਗਿਸਤਾਨੀ ਖੇਤਰਾਂ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ | ਸੰਸਥਾਨ ਨੇ ਟਿੱਬਾ ਸਥਿਰੀਕਰਣ, ਕੁਦਰਤੀ ਸਰੋਤਾਂ ਦਾ ਪ੍ਰਬੰਧਨ, ਜਲ ਪ੍ਰਬੰਧਨ, ਬਾਗਬਾਨੀ, ਪਸ਼ੂਪਾਲਣ ਆਦਿ ਖੇਤਰਾਂ ਵਿੱਚ ਖੋਜ ਕਰਕੇ ਕਈ ਤਕਨੀਕਾਂ ਵਿਕਸਿਤ ਕੀਤੀਆਂ ਹਨ ਅਤੇ ਇਹ ਤਕਨੀਕਾਂ ਪਿੰਡਾਂ ਅਤੇ ਢਾਣੀਆਂ ਤੱਕ ਪਹੁੰਚਾਈਆਂ ਹਨ, ਜਿਸ ਨਾਲ ਖੇਤਰ ਵਿੱਚ ਖੇਤੀਬਾੜੀ ਉਤਪਾਦਨ ਵਧਿਆ ਹੈ ਅਤੇ ਹਰਿਆਲੀ ਦਾ ਵਿਸਤਾਰ ਹੋਇਆ ਹੈ | ਘੱਟ ਪਾਣੀ, ਘੱਟ ਲਾਗਤ ਅਤੇ ਘੱਟ ਖਰਚ ਵਿੱਚ ਪੈਦਾ ਹੋਣ ਵਾਲੀਆਂ ਹਾੜੀ ਅਤੇ ਸਾਉਣੀ ਦੀਆਂ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਕਿਸਾਨਾਂ ਦੀ ਆਮਦਨ ਵਧੀ ਹੈ | ਉਨ੍ਹਾਂ ਕਿਹਾ ਕਿ ਤਾਲਮੇਲ ਵਾਲੀ ਖੇਤੀ ਪ੍ਰਣਾਲੀ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਅਨਾਜ, ਫਲ, ਚਾਰਾ, ਰੁੱਖ, ਔਸ਼ਧੀ ਪੌਦੇ ਆਦਿ ਦੇ ਜ਼ਰੀਏ ਕਿਸਾਨ ਨੂੰ ਸਾਲ ਭਰ ਆਮਦਨ ਪ੍ਰਾਪਤ ਹੁੰਦੀ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਕਾਜਰੀ ਦੇ ਖੇਤੀ ਵਿਗਿਆਨੀ ਏਆਈ ਅਧਾਰਿਤ ਖੇਤੀ, ਉੱਨਤ ਜਲ ਪ੍ਰਬੰਧਨ ਅਤੇ ਟਿਕਾਊ ਖੇਤੀ ਵਿਧੀਆਂ 'ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਮੰਤਵ ਫਸਲ ਉਤਪਾਦਨ ਵਧਾਉਣਾ ਅਤੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਹੈ | ਕਾਜਰੀ ਦੇ ਮੁੱਖ ਵਿਗਿਆਨੀ ਸ਼੍ਰੀ ਪੀ. ਆਰ. ਮੇਘਵਾਲ ਨੇ ਖੁਸ਼ਕ ਖੇਤਰ ਦੀਆਂ ਬਾਗਬਾਨੀ ਫਸਲਾਂ ਜਿਵੇਂ ਬੇਰ, ਆਂਵਲਾ, ਅਨਾਰ ਅਤੇ ਖਜੂਰ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ | ਵਿਗਿਆਨੀ ਡਾ. ਰਾਜਸ਼ੇਖਰ ਨੇ ਬਾਜਰਾ ਅਤੇ ਹੋਰ ਮੋਟੇ ਅਨਾਜਾਂ ਤੋਂ ਬਿਸਕੁਟ ਅਤੇ ਕੁਰਕੁਰੇ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਵਫ਼ਦ ਨੇ ਖੁਸ਼ਕ ਵਣ ਖੋਜ ਸੰਸਥਾਨ (ਆਫਰੀ) ਦਾ ਵੀ ਦੌਰਾ ਕੀਤਾ | ਇਸ ਮੌਕੇ ਆਫਰੀ ਦੇ ਨਿਦੇਸ਼ਕ ਡਾ. ਆਸ਼ੁਤੋਸ਼ ਕੁਮਾਰ ਤਿ੍ਪਾਠੀ ਨੇ ਦੱਸਿਆ ਕਿ ਆਫਰੀ ਵਣਾਂ ਸੀ ਸੰਭਾਲ ਅਤੇ ਪਸਾਰ ਲਈ ਵੱਖ-ਵੱਖ ਕੰਮ ਕਰ ਰਿਹਾ ਹੈ | ਆਫਰੀ ਵੱਲੋਂ ਪਸਾਰ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ, ਆਮ ਜਨਤਾ ਅਤੇ ਸਕੂਲਾਂ ਵਿੱਚ ਵਾਤਾਵਰਣ ਜਾਗਰੂਕਤਾ ਲਈ ਕੁਦਰਤੀ, ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਅਤੇ ਰੁੱਖ ਉਤਪਾਦਕ ਮੇਲੇ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ | ਵੱਖ-ਵੱਖ ਰਾਜਾਂ ਵਿੱਚ ਦਰੱਖਤ ਲਗਾਉਣ ਦੇ ਪ੍ਰੋਗਰਾਮਾਂ ਰਾਹੀਂ ਵਾਤਾਵਰਣ ਸੰਭਾਲ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਰਮੇਸ਼ ਬਿਸ਼ਨੋਈ ਨੇ ਮੰਚ ਸੰਚਾਲਨ ਕਰਦੇ ਹੋਏ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਪੱਤਰਕਾਰ ਵਫ਼ਦ ਨੇ ਕਾਜਰੀ ਅਤੇ ਆਫਰੀ ਦੇ ਵੱਖ-ਵੱਖ ਖੋਜ ਖੇਤਰਾਂ ਦਾ ਦੌਰਾ ਕੀਤਾ ਅਤੇ ਵਿਗਿਆਨੀਆਂ ਤੋਂ ਖੇਤੀ ਤਕਨੀਕਾਂ ਅਤੇ ਨਵੀਨਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਅੰਤ ਵਿੱਚ ਮੀਡੀਆ ਅਤੇ ਸੰਚਾਰ ਅਧਿਕਾਰੀ ਆਸ਼ੀਸ਼ ਵਰਮਾ ਅਤੇ ਅਹਿਮਦ ਖਾਨ ਨੇ ਸੰਸਥਾਨਾਂ ਦੇ ਨਿਦੇਸ਼ਕ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |