ਡੇਰਾਬੱਸੀ, 9 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਉਪ-ਮੰਡਲ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ 'ਜੁਗਾੜੂ ਰੇਹੜੀਆਂ' ਹੁਣ ਰਾਹਗੀਰਾਂ ਅਤੇ ਸਵਾਰੀਆਂ ਲਈ ਜਾਨਲੇਵਾ ਸਾਬਿਤ ਹੋ ਰਹੀਆਂ ਹਨ | ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਇਨ੍ਹਾਂ ਰੇਹੜੀਆਂ ਦਾ ਜਾਲ ਵਿਛਿਆ ਹੋਇਆ ਹੈ, ਜਿਥੇ ਨਾ ਸਿਰਫ਼ ਭਾਰੀ ਵਪਾਰਕ ਸਾਮਾਨ, ਸਗੋਂ ਮਾਸੂਮ ਜਿੰਦਗੀਆਂ ਨੂੰ ਵੀ ਖ਼ਤਰੇ 'ਚ ਪਾ ਕੇ ਸਵਾਰੀਆਂ ਢੋਈਆਂ ਜਾ ਰਹੀਆਂ ਹਨ | ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ 'ਚ ਹੱਥ 'ਤੇ ਹੱਥ ਧਰ ਕੇ ਬੈਠਾ ਹੈ | ਜ਼ਿਕਰਯੋਗ ਹੈ ਕਿ ਡੇਰਾਬੱਸੀ ਦੀਆਂ ਸੜਕਾਂ ਪਹਿਲਾਂ ਹੀ ਹਾਦਸਿਆਂ ਦੇ ਮਾਮਲੇ 'ਚ ਜ਼ਿਲ੍ਹਾ ਮੁਹਾਲੀ 'ਚ ਸਭ ਤੋਂ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਹਨ | ਅਜਿਹੇ 'ਚ ਬਿਨਾਂ ਕਿਸੇ ਰਜਿਸਟ੍ਰੇਸ਼ਨ ਜਾਂ ਫਿਟਨੈੱਸ ਸਰਟੀਫਿਕੇਟ ਦੇ ਚੱਲ ਰਹੀਆਂ ਇਹ ਜੁਗਾੜੂ ਰੇਹੜੀਆਂ ਖ਼ਤਰੇ ਨੂੰ ਹੋਰ ਵਧਾ ਰਹੀਆਂ ਹਨ | ਬਰਵਾਲਾ ਰੋਡ, ਗੁਲਾਬਗੜ੍ਹ ਰੋਡ, ਕਾਲਜ ਰੋਡ ਅਤੇ ਤਹਿਸੀਲ ਰੋਡ 'ਤੇ ਸਥਿਤੀ ਇੰਨੀ ਗੰਭੀਰ ਹੈ ਕਿ ਓਵਰਲੋਡ ਸਰੀਆ ਅਤੇ ਸੀਮਿੰਟ ਨਾਲ ਲੱਦੀਆਂ ਇਹ ਰੇਹੜੀਆਂ ਟ੍ਰੈਫਿਕ 'ਚ ਵੱਡੀ ਰੁਕਾਵਟ ਬਣਦੀਆਂ ਹਨ | ਤਕਨੀਕੀ ਮਾਹਿਰਾਂ ਅਨੁਸਾਰ ਮੋਟਰਸਾਈਕਲਾਂ ਦੇ ਪੁਰਾਣੇ ਇੰਜਣਾਂ 'ਤੇ ਬਣੀਆਂ ਇਹ ਰੇਹੜੀਆਂ ਭਾਰੀ ਵਜ਼ਨ ਝੱਲਣ ਦੇ ਯੋਗ ਨਹੀਂ ਹੁੰਦੀਆਂ | ਇਨ੍ਹਾਂ ਦਾ ਬ੍ਰੇਕਿੰਗ ਸਿਸਟਮ ਬੇਹੱਦ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਇਨ੍ਹਾਂ ਦਾ ਸੰਤੁਲਨ ਵਿਗੜਨਾ ਆਮ ਗੱਲ ਹੈ | ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਹੁਣ ਇਨ੍ਹਾਂ ਰੇਹੜੀਆਂ ਦੀ ਵਰਤੋਂ ਸਵਾਰੀ ਵਾਹਨਾਂ ਵਜੋਂ ਕੀਤੀ ਜਾਣ ਲੱਗੀ ਹੈ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ | ਇਸ ਸੰਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਹੈ | ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਇਨ੍ਹਾਂ ਵਾਹਨਾਂ ਦੇ ਚਲਾਨ ਕੱਟਣ ਤੋਂ ਗੁਰੇਜ਼ ਕਰ ਰਹੀ ਹੈ, ਕੀ ਨਿਯਮ ਸਿਰਫ਼ ਆਮ ਵਾਹਨ ਚਾਲਕਾਂ ਲਈ ਹੀ ਹਨ | ਸਥਾਨਕ ਵਸਨੀਕਾਂ ਨੇ ਐਸ. ਡੀ. ਐਮ. ਡੇਰਾਬੱਸੀ ਅਤੇ ਟ੍ਰੈਫਿਕ ਇੰਚਾਰਜ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗੈਰ-ਕਾਨੂੰਨੀ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਨੂੰ ਜ਼ਬਤ ਕੀਤਾ ਜਾਵੇ |