ਐੱਸ. ਏ. ਐੱਸ. ਨਗਰ, 11 ਮਾਰਚ (ਕਪਿਲ ਵਧਵਾ)-ਸਥਾਨਕ ਸੈਕਟਰ-89 ਦੇ ਰਹਿਣ ਵਾਲੇ ਇਕ ਆਈ. ਟੀ. ਕਾਰੋਬਾਰੀ ਦੇ ਘਰ ਤੇ ਕਾਰ 'ਤੇ ਫਾਈਰਿੰਗ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਸ਼ੂਟਰਾਂ ਸਮੇਤ ਕੁੱਲ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਖੰਨਾ ਦੇ ਰਹਿਣ ਵਾਲੇ ਰਿਸ਼ਵ (28), ਲੁਧਿਆਣਾ ਦੇ ਸੁਖਮਨਪ੍ਰੀਤ ਸਿੰਘ (19) ਅਤੇ ਸਦਰ ਖੰਨਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ (29) ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ, ਜਿਸ 'ਤੇ ਸਵਾਰ ਹੋ ਕੇ ਉਨ੍ਹਾਂ ਨੇ ਕਾਰੋਬਾਰੀ ਦੇ ਘਰ ਅਤੇ ਕਾਰ 'ਤੇ ਫਾਈਰਿੰਗ ਕੀਤੀ ਸੀ | ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਉਹ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਫਾਈਰਿੰਗ ਦੀ ਵੀਡੀਓ ਬਣਾਈ ਗਈ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਜਾਂਚ ਸੌਰਵ ਜਿੰਦਲ ਨੇ ਦੱਸਿਆ ਕਿ 17 ਅਤੇ 18 ਫਰਵਰੀ ਦੀ ਦਰਮਿਆਨੀ ਰਾਤ ਨੂੰ ਮੁਹਾਲੀ ਦੇ ਸੈਕਟਰ-89 ਦੇ ਰਹਿਣ ਵਾਲੇ ਕਾਰੋਬਾਰੀ ਗੁਰਜੋਤ ਸਿੰਘ ਦੇ ਘਰ ਅਤੇ ਬਾਹਰ ਖੜ੍ਹੀ ਮਹਿੰਗੀ ਕਾਰ 'ਤੇ ਕਰੀਬ 10 ਤੋਂ 12 ਗੋਲੀਆਂ ਚਲਾਈਆਂ ਗਈਆਂ ਸਨ | ਇਸ ਘਟਨਾ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਸਨ | ਸੀ. ਆਈ. ਏ. ਟੀਮ ਵਲੋਂ ਤਕਨੀਕੀ ਜਾਂਚ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ |
ਮੁਲਜ਼ਮਾਂ 'ਤੇ ਪਹਿਲਾਂ ਵੀ ਦਰਜ ਨੇ ਕਈ ਮਾਮਲੇ
ਪੁਲਿਸ ਮੁਤਾਬਿਕ ਗਿ੍ਫ਼ਤਾਰ ਮੁਲਜ਼ਮ ਰਿਸ਼ਵ ਦੇ ਖ਼ਿਲਾਫ਼ ਪਹਿਲਾਂ ਥਾਣਾ ਸਿਟੀ ਖੰਨਾ ਵਿਖੇ ਜਬਰ-ਜਨਾਹ ਅਤੇ ਆਈ. ਟੀ. ਐਕਟ ਨਾਲ ਸੰਬੰਧਿਤ ਮਾਮਲਾ ਦਰਜ ਹੈ, ਜਦਕਿ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਖੰਨਾ ਵਿਖੇ ਲੜਾਈ-ਝਗੜੇ ਨਾਲ ਜੁੜੇ ਦੋ ਮਾਮਲੇ ਦਰਜ ਹਨ | ਉਕਤ ਮੁਲਜ਼ਮ ਜੋ ਕਿ ਪੁਲਿਸ ਰਿਮਾਂਡ 'ਤੇ ਹਨ, ਤੋਂ ਪੁੱਛਗਿੱਛ ਜਾਰੀ ਹੈ |
ਕਾਰੋਬਾਰੀ ਦੇ ਘਰ 'ਤੇ ਫਾਈਰਿੰਗ ਕਰਨ ਦੇ ਮਾਮਲੇ 'ਚ 2 ਸ਼ੂਟਰਾਂ ਸਮੇਤ 3 ਕਾਬੂ
ਆਈ. ਟੀ. ਕਾਰੋਬਾਰੀ ਦੇ ਘਰ 'ਤੇ ਹੋਈ ਫਾਈਰਿੰਗ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਸੌਰਵ ਜਿੰਦਲ | (ਸੱਜੇ) ਆਈ. ਟੀ. ਕਾਰੋਬਾਰੀ ਦੇ ਘਰ 'ਤੇ ਫਾਈਰਿੰਗ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮਾਂ ਨੂੰ ਲੈ ਕੇ ਜਾਂਦੀ ਹੋਈ ਪੁਲਿਸ | ਅਜੀਤ ਤਸਵੀਰਾਂ<br/>
12-03-2026