ਚੰਡੀਗਡ਼੍ਹ ਨਗਰ ਨਿਗਮ ਦੀਆਂ ਚੋਣਾਂ ਲਈ 26 ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ
ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ ਚੋਣ ਬਿਗੁਲ ਵੱਜ ਚੁੱਕਾ ਹੈ ਅਤੇ ਰਾਜ ਚੋਣ ਕਮਿਸ਼ਨ ਨੇ 23 ਦਸੰਬਰ ਨੂੰ ਮਤਦਾਨ ਕਰਵਾਉਣ ਦਾ ਐਲਾਨ ਕੀਤਾ ਹੈ। ਸੂਬਾ ਚੋਣ ਕਮਿਸ਼ਨਰ ਡਾ.
ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ ਚੋਣ ਬਿਗੁਲ ਵੱਜ ਚੁੱਕਾ ਹੈ ਅਤੇ ਰਾਜ ਚੋਣ ਕਮਿਸ਼ਨ ਨੇ 23 ਦਸੰਬਰ ਨੂੰ ਮਤਦਾਨ ਕਰਵਾਉਣ ਦਾ ਐਲਾਨ ਕੀਤਾ ਹੈ। ਸੂਬਾ ਚੋਣ ਕਮਿਸ਼ਨਰ ਡਾ. ਵਿਜੇ ਦੇਵ ਵਲੋਂ ਚੰਡੀਗੜ੍ਹ ਸਥਿਤ ਯੂ. ਟੀ. ਗੈਸਟ ਹਾਊਸ ਵਿਖੇ ਜਾਰੀ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 26 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ 3 ਦਸੰਬਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੋਵੇਗੀ। ਚੋਣ ਕਮਿਸ਼ਨਰ ਨੇ ਦੱਸਿਆ ਕਿ 4 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 7 ਦਸੰਬਰ ਤੱਕ ਉਮੀਦਵਾਰ ਆਪਣੇ ਨਾਂਅ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 23 ਦਸੰਬਰ ਨੂੰ ਸਵੇਰੇ 7.30 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ 31 ਦਸੰਬਰ ਤੱਕ ਚੋਣ ਪ੍ਰਕਿਰਿਆ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਪਰਮਿੰਦਰ ਸਿੰਘ ਓਐਸਡੀ ਸੂਬਾ ਚੋਣ ਕਮਿਸ਼ਨਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਿਰਦੇਸ਼ਕ ਰਾਜੀਵ ਤਿਵਾੜੀ, ਅਧੇਸ਼ਵਰਕਾਂਤ ਸਕੱਤਰ ਸੂਬਾ ਚੋਣ ਕਮਿਸ਼ਨ ਵੀ ਮੌਜੂਦ ਸਨ। 4.60 ਲੱਖ ਤੋਂ ਵੱਧ ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ ਚੋਣ ਕਮਿਸ਼ਨ ਵਿਜੇ ਨੇ ਦੱਸਿਆ ਕਿ ਨਗਰ ਨਿਗਮ ਦੇ 35 ਵਾਰਡਾਂ ਵਿਚ ਕੁੱਲ 4,60,209 ਵੋਟਰ ਹਨ। ਇਨ੍ਹਾਂ ਵਿਚ 2,34,516 ਪੁਰਸ਼, 2,25,671 ਮਹਿਲਾ ਅਤੇ 22 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਵਾਰ 2,059 ਨਵੇਂ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ 1,569 ਦਿਵਿਆਂਗ ਵੋਟਰ, 80 ਸਾਲ ਤੋਂ ਵੱਧ ਉਮਰ ਦੇ 9,177 ਅਤੇ 85 ਸਾਲ ਤੋਂ ਵੱਧ ਉਮਰ ਦੇ 3,580 ਵੋਟਰ ਹਨ। 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ 23 ਵੋਟਰ ਵੀ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣਗੇ। 7 ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਚੋਣ ਕਮਿਸ਼ਨਰ ਅਨੁਸਾਰ ਚੋਣਾਂ ਲਈ ਵਾਰਡਾਂ ਦੀ ਰਾਖਵਾਂਕਰਨ ਸਥਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਕੁਲ 35 ਵਾਰਡਾਂ ’ਚੋਂ 7 ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ਵਿਚ 3 ਵਾਰਡ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ ਰਾਖਵੇਂ ਹਨ। ਵਾਰਡ ਨੰਬਰ 1, 3, 4, 9, 15, 29 ਤੇ 32 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਵਿਚ ਵਾਰਡ ਨੰਬਰ 3, 29 ਅਤੇ 32 ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ ਹਨ। ਇਸੇ ਤਰ੍ਹਾਂ 9 ਵਾਰਡ ਆਮ ਵਰਗ ਦੀਆਂ ਮਹਿਲਾਵਾਂ ਲਈ ਰਾਖਵੇਂ ਹਨ, ਜਿਨ੍ਹਾਂ ’ਚ ਵਾਰਡ ਨੰਬਰ 2, 8, 11, 13, 17, 21, 25, 26 ਅਤੇ 30 ਸ਼ਾਮਿਲ ਹਨ। ਬਾਕੀ 19 ਵਾਰਡ ਆਮ ਵਰਗ ਲਈ ਰੱਖੇ ਗਏ ਹਨ। 576 ਪੋਲਿੰਗ ਸਟੇਸ਼ਨਾਂ ’ਤੇ ਹੋਵੇਗੀ ਵੋਟਿੰਗ ਸ਼ਹਿਰ ਵਿਚ ਕੁਲ 576 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਛਾਂ, ਪਖਾਨਿਆਂ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਪੋਲਿੰਗ ਸਟੇਸ਼ਨ ਜ਼ਮੀਨੀ ਮੰਜ਼ਿਲ ’ਤੇ ਬਣਾਉਣ ਤੇ ਉੱਥੇ ਰੈਂਪਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਪਿੰਕ ਪੋਲਿੰਗ ਸਟੇਸ਼ਨ ’ਤੇ ਸਿਰਫ਼ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਹੋਵੇਗੀ। ਈ. ਵੀ. ਐਮ. ਰਾਹੀਂ ਪੈਣਗੀਆਂ ਵੋਟਾਂ, ਨੋਟਾ ਦਾ ਵੀ ਹੋਵੇਗਾ ਬਦਲ ਨਗਰ ਨਿਗਮ ਚੋਣਾਂ ਲਈ ਬੀ. ਈ. ਐਲ. ਕੰਪਨੀ ਦੀਆਂ ਐਮ-3ਏ ਮਾਡਲ ਦੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ) ਦੀ ਵਰਤੋਂ ਕੀਤੀ ਜਾਵੇਗੀ। ਕਮਿਸ਼ਨ ਅਨੁਸਾਰ ਕੁੱਲ 2,200 ਈ. ਵੀ. ਐਮਜ਼, ਜਿਨ੍ਹਾਂ ’ਚ 1,100 ਬੈਲਟ ਯੂਨਿਟ ਅਤੇ 1,100 ਕੰਟਰੋਲ ਯੂਨਿਟ ਸ਼ਾਮਲ ਹਨ, ਦੀ ਪਹਿਲੇ ਪੜਾਅ ਦੀ ਜਾਂਚ ਮੁਕੰਮਲ ਕਰ ਲਈ ਗਈ ਹੈ। ਇਹ ਜਾਂਚ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਬੀ. ਈ. ਐਲ. ਦੇ ਇੰਜੀਨੀਅਰਾਂ ਦੀ ਮਦਦ ਨਾਲ ਕੀਤੀ ਗਈ ਹੈ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਪੋਲਿੰਗ ਸਟੇਸ਼ਨ ’ਤੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿਚ ਮੌਕ ਪੋਲ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਈ. ਵੀ. ਐਮ. ਵਿਚ ਉਮੀਦਵਾਰਾਂ ਦੇ ਨਾਂਅ ਤੋਂ ਹੇਠਾਂ ‘ਨੋਟਾ’ ਦਾ ਬਟਨ ਵੀ ਹੋਵੇਗਾ, ਜਿਸ ਰਾਹੀਂ ਵੋਟਰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਆਪਣਾ ਵਿਕਲਪ ਚੁਣ ਸਕਣਗੇ। ਚੋਣ ਪ੍ਰਬੰਧਾਂ ਲਈ 3500 ਦੇ ਕਰੀਬ ਕਰਮਚਾਰੀ ਹੋਣਗੇ ਤਾਇਨਾਤ ਕਮਿਸ਼ਨ ਵਲੋਂ ਇਕ ਜ਼ਿਲ੍ਹਾ ਚੋਣ ਅਧਿਕਾਰੀ, 4 ਜਨਰਲ ਆਬਜ਼ਰਵਰ, 4 ਚੋਣ ਖ਼ਰਚਾ ਆਬਜ਼ਰਵਰ, 9 ਰਿਟਰਨਿੰਗ ਅਧਿਕਾਰੀ, 20 ਸਹਾਇਕ ਰਿਟਰਨਿੰਗ ਅਧਿਕਾਰੀ ਅਤੇ 96 ਸੈਕਟਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲਗਪਗ 3,500 ਪੋਲਿੰਗ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਚੋਣ ਪ੍ਰਕਿਰਿਆ ’ਤੇ ਨਿਗਰਾਨੀ ਰੱਖਣ ਲਈ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਚੋਣ ਕਮਿਸ਼ਨਰਾਂ ਅਤੇ ਸਾਬਕਾ ਚੋਣ ਕਮਿਸ਼ਨਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਕ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਨੂੰ ਵਿਸ਼ੇਸ਼ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਮੀਦਵਾਰ ਵੱਧ ਤੋਂ ਵੱਧ 7.50 ਲੱਖ ਰੁਪਏ ਕਰ ਸਕਣਗੇ ਖ਼ਰਚ ਚੋਣ ਕਮਿਸ਼ਨ ਵਲੋਂ ਇਕ ਵਾਰਡ ਤੋਂ ਚੋਣ ਲੜਨ ਵਾਲੇ ਉਮੀਦਵਾਰ ਲਈ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਹੱਦ 7.50 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਹਰੇਕ ਉਮੀਦਵਾਰ ਨੂੰ ਨਾਮਜ਼ਦਗੀ ਤੋਂ ਲੈ ਕੇ ਨਤੀਜਾ ਐਲਾਨੇ ਜਾਣ ਤੱਕ ਆਪਣੇ ਚੋਣ ਖ਼ਰਚਿਆਂ ਦਾ ਹਿਸਾਬ ਰੱਖਣਾ ਪਵੇਗਾ ਅਤੇ ਨਤੀਜਾ ਐਲਾਨੇ ਜਾਣ ਦੇ 15 ਦਿਨਾਂ ਦੇ ਅੰਦਰ ਸਬੰਧਤ ਰਿਟਰਨਿੰਗ ਅਧਿਕਾਰੀ ਕੋਲ ਜਮਾਂ ਕਰਵਾਉਣਾ ਹੋਵੇਗਾ। ਜ਼ਮਾਨਤੀ ਰਾਸ਼ੀ ਆਮ ਉਮੀਦਵਾਰਾਂ ਲਈ 6,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 3,000 ਰੁਪਏ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰਾਂ ਨਾਲ ਆਪਣੇ ਵਿਰੁੱਧ ਦਰਜ ਅਪਰਾਧਿਕ ਮਾਮਲਿਆਂ, ਜਾਇਦਾਦਾਂ, ਦੇਣਦਾਰੀਆਂ ਤੇ ਵਿੱਦਿਅਕ ਯੋਗਤਾਵਾਂ ਬਾਰੇ ਜਾਣਕਾਰੀ ਦੋ ਹਲਫ਼ਨਾਮਿਆਂ ਰਾਹੀਂ ਦੇਣੀ ਲਾਜ਼ਮੀ ਹੋਵੇਗੀ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਲੋੜੀਂਦੇ ਹਲਫ਼ਨਾਮੇ ਜਮਾਂ ਨਾ ਕਰਵਾਉਣ ਜਾਂ ਅਧੂਰੀ ਜਾਣਕਾਰੀ ਦੇਣ ਦੀ ਸੂਰਤ ਵਿਚ ਨਾਮਜ਼ਦਗੀ ਪੱਤਰ ਰੱਦ ਹੋ ਸਕਦਾ ਹੈ। ਮੋਬਾਈਲ ਐਪ ਰਾਹੀਂ ਮਿਲੇਗੀ ਚੋਣਾਂ ਸੰਬੰਧੀ ਜਾਣਕਾਰੀ ਵੋਟਰਾਂ ਦੀ ਸਹੂਲਤ ਤੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਕਮਿਸ਼ਨ ਵਲੋਂ ‘ਨਿਗਮ ਚੋਣ ਚੰਡੀਗੜ੍ਹ’ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਇਸ ਰਾਹੀਂ ਵੋਟਰ ਆਪਣਾ ਨਾਂਅ ਵੋਟਰ ਸੂਚੀ ਵਿਚ ਲੱਭਣ, ਪੋਲਿੰਗ ਸਟੇਸ਼ਨ ਦੀ ਸਥਿਤੀ ਜਾਣਨ, ਉਮੀਦਵਾਰਾਂ ਅਤੇ ਉਨ੍ਹਾਂ ਦੇ ਹਲਫ਼ਨਾਮਿਆਂ ਬਾਰੇ ਜਾਣਕਾਰੀ ਹਾਸਿਲ ਕਰਨ, ਸ਼ਿਕਾਇਤ ਦਰਜ ਕਰਵਾਉਣ ਅਤੇ ਚੋਣ ਨਤੀਜੇ ਦੇਖਣ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ। ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ, ਚੋਣ ਨਿਸ਼ਾਨਾਂ ਦੀ ਵੰਡ, ਈ. ਵੀ. ਐਮਜ਼ ਦੀ ਤਿਆਰੀ ਅਤੇ ਸਟੋਰੇਜ, ਚੋਣ ਰੈਲੀਆਂ ਤੇ ਜਨਤਕ ਮੀਟਿੰਗਾਂ ਸਮੇਤ ਅਹਿਮ ਗਤੀਵਿਧੀਆਂ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ। ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ, ਸਟਰਾਂਗ ਰੂਮਾਂ ਅਤੇ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਵੀ ਨਿਗਰਾਨੀ ਰੱਖੀ ਜਾਵੇਗੀ।