ਨਿਊ ਚੰਡੀਗੜ੍ਹ ਦੀਆਂ ਪੰਚਾਇਤਾਂ ਦੇ ਵਫ਼ਦ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ
ਅਜੀਤ ਡੈਸਕ
12-03-2026
ਮੁੱਲਾਂਪੁਰ ਗਰੀਬਦਾਸ, 11 ਮਾਰਚ (ਦਿਲਬਰ ਸਿੰਘ ਖੈਰਪੁਰ)-ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਨਿਊ ਚੰਡੀਗੜ੍ਹ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਦੇ ਵਫ਼ਦ ਨੇ ਰੀਅਲ ਅਸਟੇਟ ਕੰਪਨੀਆਂ ਦੇ ਪ੍ਰਾਜੈਕਟਾਂ ਅਧੀਨ ਜ਼ਮੀਨ ਬਦਲੇ ਲੈਂਡ ਪੂਲਿੰਗ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਨਿਊ ਚੰਡੀਗੜ੍ਹ ਅਧੀਨ ਪੈਂਦੇ ਪਿੰਡ ਤੋਗਾਂ, ਸਲਾਮਤਪੁਰ, ਭੜੌਜੀਆਂ, ਬਾਂਸੇਪੁਰ, ਤੀੜਾ, ਸੈਣੀ ਮਾਜਰਾ, ਭਗਤ ਮਾਜਰਾ, ਰਾਣੀ ਮਾਜਰਾ, ਸੰਗਾਲਾ, ਪਲਹੇੜੀ, ਰਸੂਲਪੁਰ ਆਦਿ ਦੀਆਂ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਨੇ ਪੰਜਾਬ ਆਪਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 'ਚ ਲੋੜੀਂਦੀ ਸੋਧ ਰਾਹੀਂ ਨਿੱਜੀ ਡਿਵੈਲਪਰਾਂ ਵਲੋਂ ਵਿਕਸਿਤ ਕੀਤੇ ਜਾ ਰਹੇ ਪ੍ਰਾਜੈਕਟਾਂ 'ਚ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੀ ਰਜਿਸਟਰਡ ਲੈਂਡ ਪੂਲਿੰਗ ਇਕਰਾਰਨਾਮੇ ਰਾਹੀਂ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ਵਫ਼ਦ ਨੇ ਮੁੱਖ ਪ੍ਰਸ਼ਾਸਕ ਨੂੰ ਮੰਗ-ਪੱਤਰ ਸੌਂਪਦਿਆਂ ਕਿਹਾ ਕਿ ਪਹਿਲਾਂ ਬਿਲਡਰ ਜ਼ਮੀਨ ਮਾਲਕਾਂ ਨੂੰ ਬਿਨਾਂ ਪੁੱਛੇ ਹੀ ਉਨ੍ਹਾਂ ਦੀ ਜ਼ਮੀਨ ਦੇ ਫਰਜ਼ੀ ਦਸਤਾਵੇਜ ਤਿਆਰ ਕਰਕੇ ਆਪਣੇ ਪ੍ਰਾਜੈਕਟ ਦਾ ਲਾਇਸੰਸ ਲੈਂਦੇ ਸਨ, ਜੋ ਕਿ ਭੋਲੇ-ਭਾਲੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨਾਲ ਬਹੁਤ ਵੱਡਾ ਧੋਖਾ ਸੀ, ਪਰ ਮੌਜੂਦਾ ਸਰਕਾਰ ਨੇ ਇਸ ਧੋਖਾਧੜੀ ਨੂੰ ਰੋਕਣ ਲਈ ਰਜਿਸਟਰਡ ਲੈਂਡ ਪੂਲਿੰਗ ਐਗਰੀਮੈਂਟਸ ਅਤੇ ਰਜਿਸਟਰਡ ਕੰਨਸੈਂਟ ਲੈਟਰਾਂ ਨੂੰ ਜ਼ਰੂਰੀ ਬਣਾਇਆ ਹੈ, ਜਿਸ ਤਹਿਤ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 'ਚ ਹਾਲ ਹੀ 'ਚ ਕੀਤੀ ਸੋਧ ਅਨੁਸਾਰ ਲਾਇਸੰਸ ਲਈ ਪ੍ਰੋਮੋਟਰ ਦੇ ਨਾਂਅ ਜ਼ਮੀਨ ਦੀ 100 ਫ਼ੀਸਦੀ ਮਾਲਕੀ ਲਾਜ਼ਮੀ ਕੀਤੀ ਗਈ ਹੈ | ਇਸ ਨਾਲ ਨਿੱਜੀ ਪ੍ਰਾਜੈਕਟਾਂ 'ਚ ਜ਼ਮੀਨ ਮਾਲਕਾਂ ਦਾ ਲੈਂਡ ਪੂਲਿੰਗ ਜਾਂ ਜੁਆਇੰਟ ਡਿਵੈਲਪਮੈਂਟ ਰਾਹੀਂ ਭਾਗੀਦਾਰ ਬਣਨ ਦਾ ਅਧਿਕਾਰ ਖ਼ਤਮ ਹੋ ਗਿਆ ਹੈ | ਉਨ੍ਹਾਂ ਕੋਲ ਸਿਰਫ ਜ਼ਮੀਨ ਵੇਚਣ ਦਾ ਹੀ ਵਿਕਲਪ ਬਚਿਆ ਹੈ | ਸਰਕਾਰ ਨੇ ਆਪਣੇ ਪ੍ਰਾਜੈਕਟਾਂ ਜਿਵੇਂ ਕਿ ਈਕੋ ਸਿਟੀ ਅਤੇ ਐਰੋਸਿਟੀ ਆਦਿ ਲਈ ਲੈਂਡ ਪੂਲਿੰਗ ਦੇ ਲਾਭਾਂ ਨੂੰ ਬਰਕਰਾਰ ਰੱਖਿਆ ਹੈ, ਪਰ ਨਿੱਜੀ ਡਿਵੈਲਪਰਾਂ ਵਲੋਂ ਵਿਕਸਿਤ ਖੇਤਰਾਂ ਲਈ ਇਹ ਵਿਕਲਪ ਬੰਦ ਕਰ ਦਿੱਤਾ ਗਿਆ ਹੈ | ਇਸ ਲਈ ਇਸ ਐਕਟ 'ਚ ਲੋੜੀਂਦੀ ਸੋਧ ਕਰਕੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੂੰ ਗਮਾਡਾ ਦੀ ਤਰਜ 'ਤੇ ਨਿੱਜੀ ਡਿਵੈਲਪਰਾਂ ਵਲੋਂ ਵਿਕਸਿਤ ਕੀਤੇ ਜਾ ਰਹੇ ਪ੍ਰਾਜੈਕਟਾਂ 'ਚ ਰਜਿਸਟਰਡ ਲੈਂਡ ਪੂਲਿੰਗ ਐਗਰੀਮੈਂਟ/ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਰਾਹੀਂ ਭਾਗੀਦਾਰੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਬਿਲਡਰਾਂ ਨੂੰ ਵੇਚਣ ਜਾਂ ਲੈਂਡ ਪੂਲਿੰਗ ਲੈਣ ਦੇ ਵਿਕਲਪ ਸੰਬੰਧੀ ਆਪਣੀ ਮਰਜ਼ੀ ਨਾਲ ਚੋਣ ਕਰ ਸਕਣ |