ਡੇਰਾਬੱਸੀ, 28 ਮਾਰਚ (ਗੁਰਮੀਤ ਸਿੰਘ)-ਨਵ-ਯੁਵਕ ਏਕਤਾ ਕਲੱਬ ਮੁਹੱਲਾ ਦਾਦਪੁਰਾ ਡੇਰਾਬੱਸੀ ਤੋਂ ਵੱਡੇ ਤਿ੍ਲੋਕਪੁਰ ਲਈ 26ਵੀਂ ਪੈਦਲ ਯਾਤਰਾ ਰਵਾਨਾ ਹੋਈ | ਇਸ ਯਾਤਰਾ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਖੇਤਰ ਗੂੰਜ ਉੱਠਿਆ | ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਸ਼ਰਧਾਲੂ ਢੋਲ-ਨਗਾਰਿਆਂ ਅਤੇ ਭਗਤੀ ਗੀਤਾਂ 'ਤੇ ਝੂੰਮਦੇ ਨਜ਼ਰ ਆਏ | ਇਸੇ ਨਾਲ ਮਾਤਾ ਦੀ ਚੌਕੀ ਵੀ ਲਗਾਈ ਗਈ, ਜਿੱਥੇ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਨਵ-ਯੁਵਕ ਏਕਤਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਪਿਛਲੇ 26 ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ, ਜਿਸ 'ਚ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਲੋਕਾਂ 'ਚ ਧਾਰਮਿਕ ਭਾਵਨਾ ਜਗਾਉਣਾ ਅਤੇ ਸਮਾਜ 'ਚ ਏਕਤਾ ਦਾ ਸੰਦੇਸ਼ ਦੇਣਾ ਹੈ | 31 ਮਾਰਚ ਨੂੰ ਵਿਸ਼ਾਲ ਜਾਗਰਣ ਕੀਤਾ ਜਾਵੇਗਾ, ਜਿਸ 'ਚ ਮਸ਼ਹੂਰ ਭਜਨ ਗਾਇਕਾਂ ਵਲੋਂ ਮਾਤਾ ਰਾਣੀ ਦੇ ਭਜਨ ਪੇਸ਼ ਕੀਤੇ ਜਾਣਗੇ, ਜਦਕਿ ਵੀਰਵਾਰ 1 ਅਪ੍ਰੈਲ ਨੂੰ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ, ਜਿਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਲਈ ਪ੍ਰਸ਼ਾਦ ਦੀ ਵਿਵਸਥਾ ਕੀਤੀ ਜਾਵੇਗੀ |