ਐੱਸ. ਏ. ਐੱਸ. ਨਗਰ, 28 ਮਾਰਚ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਦੂਜਾ ਗਲੋਬਲ ਪਾਰਟਨਰਸ਼ਿਪ ਕਨਕਲੇਵ-2026' ਸਫ਼ਲਤਾਪੂਰਵਕ ਸਮਾਪਤ ਹੋ ਗਿਆ | ਕਨਕਲੇਵ ਦੇ ਅੰਤਿਮ ਦਿਨ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਅਮਰੀਕਾ, ਫਰਾਂਸ ਅਤੇ ਯੂ. ਕੇ. ਵਰਗੇ ਦੇਸ਼ਾਂ ਦੀਆਂ 19 ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਸਮਝੌਤੇ ਸਹੀਬੱਧ ਕੀਤੇ ਗਏ | ਇਸ ਕਨਕਲੇਵ ਦਾ ਵਿਸ਼ਾ 'ਵਿਸ਼ਵ-ਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰਨਾ, ਸਹਿਯੋਗ, ਗਤੀਸ਼ੀਲਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ-ਇਕ ਬਿਹਤਰ ਭਵਿੱਖ' ਰੱਖਿਆ ਗਿਆ ਸੀ | ਪ੍ਰੋਗਰਾਮ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀ ਗਤੀਸ਼ੀਲਤਾ ਅਤੇ ਸਾਂਝੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਕੀਤੇ ਗਏ 15 ਸਮਝੌਤਿਆਂ ਤਹਿਤ ਏਅਰੋਸਪੇਸ ਇੰਜੀਨੀਅਰਿੰਗ 'ਚ ਡਿਊਲ ਡਿਗਰੀ ਕਰਵਾਉਣ ਲਈ ਫਰਾਂਸ ਦੀ ਸੰਸਥਾ ਆਈ. ਪੀ. ਐਸ. ਏ.-ਪੌਲੀਟੈਕਨਿਕ ਡੇਸ ਸਾਇੰਸ ਅਵਾਂਸਿਸ ਪੈਰਿਸ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ | ਇਸੇ ਤਰ੍ਹਾਂ ਐਮ. ਬੀ. ਏ., ਇੰਜੀਨੀਅਰਿੰਗ, ਸੀ. ਐਸ. ਈ., ਏ. ਆਈ. ਐਮ. ਐਲ. ਤੇ ਬੀ. ਸੀ. ਏ. ਦੇ ਡਿਊਲ ਡਿਗਰੀ ਪ੍ਰੋਗਰਾਮਾਂ ਲਈ ਯੂ. ਕੇ. ਦੀ ਰੋਇਲ ਹੋਲੋਵੇ ਯੂਨੀਵਰਸਿਟੀ ਆਫ਼ ਲੰਡਨ ਨਾਲ ਹੱਥ ਮਿਲਾਇਆ ਗਿਆ, ਜਦਕਿ ਉਜ਼ਬੇਕਿਸਤਾਨ ਦੀ ਸਮਰਕੰਦ ਸਟੇਟ ਯੂਨੀਵਰਸਿਟੀ ਨਾਲ ਇੰਜੀਨੀਅਰਿੰਗ, ਸਾਇੰਸ, ਏ. ਆਈ. ਐਮ. ਐਲ., ਬਾਇਓਟੈਕਨਾਲੋਜੀ ਅਤੇ ਮਨੋਵਿਗਿਆਨ 'ਚ ਡਿਊਲ ਡਿਗਰੀ ਪ੍ਰੋਗਰਾਮਾਂ ਲਈ ਸਹਿਮਤੀ ਬਣੀ | ਇਸੇ ਤਰ੍ਹਾਂ ਹੰਗਰੀ ਦੀ ਸੇਜੇਡ ਯੂਨੀਵਰਸਿਟੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਏ. ਆਈ. ਆਗਮੈਂਟਡ ਪ੍ਰੋਗਰਾਮਾਂ ਲਈ ਵਿਸ਼ੇਸ਼ ਸਾਂਝੇਦਾਰੀ ਕੀਤੀ ਗਈ, ਜਦਕਿ ਅਮਰੀਕਾ ਦੀ ਸੇਂਟ ਪੀਟਰਜ਼ ਯੂਨੀਵਰਸਿਟੀ ਨਾਲ ਫੈਕਲਟੀ ਤੇ ਸਟੂਡੈਂਟ ਐਕਸਚੇਂਜ ਅਤੇ ਬੀ. ਬੀ. ਏ. ਪ੍ਰੋਗਰਾਮ ਲਈ ਸਮਝੌਤਾ ਹੋਇਆ ਅਤੇ ਦੱਖਣੀ ਅਫ਼ਰੀਕਾ ਦੀ ਕੈਪ ਪੇਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਨਾਲ ਖੋਜ ਤੇ ਵਿਦਿਆਰਥੀ ਵਟਾਂਦਰਾ ਪ੍ਰੋਗਰਾਮਾਂ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ | ਇਸ ਦੇ ਨਾਲ ਹੀ ਹੰਗਰੀ ਦੀ ਸੇਜ਼ੇਡ ਯੂਨੀਵਰਸਿਟੀ, ਯੂਨੀਵਰਸਿਟੀ ਟੈਕਨਾਲੋਜੀ ਮਾਰਾ (ਮਲੇਸ਼ੀਆ), ਏਸ਼ੀਆ ਪੈਸੀਫਿਕ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਇਨੋਵੇਸ਼ਨ (ਮਲੇਸ਼ੀਆ), ਪਲਾਕੀ ਯੂਨੀਵਰਸਿਟੀ (ਚੈੱਕ ਗਣਰਾਜ), ਸਦਰਨ ਫੈਡਰਲ ਯੂਨੀਵਰਸਿਟੀ (ਰੂਸ), ਡੀ. ਸਾਰਿਕਬਾਯੇਵ ਈਸਟ ਕਜ਼ਾਕਿਸਤਾਨ ਟੈਕਨਾਲੋਜੀ ਯੂਨੀਵਰਸਿਟੀ (ਕਜ਼ਾਕਿਸਤਾਨ), ਅਮਰੀਕਨ ਇੰਟਰਨੈਸ਼ਨਲ ਯੂਨੀਵਰਸਿਟੀ (ਬੰਗਲਾਦੇਸ਼), ਈ. ਏ. ਐਨ. ਯੂਨੀਵਰਸਿਟੀ (ਕੋਲੰਬੀਆ) ਅਤੇ ਕੋਕੰਦ ਸਟੇਟ ਯੂਨੀਵਰਸਿਟੀ (ਉਜ਼ਬੇਕਿਸਤਾਨ) ਅਤੇ ਯੂਨੀਵਰਸਿਟੀ ਆਫ਼ ਹਡਰਸਫ਼ੀਲਡ ਨੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਏ. ਆਈ.-ਆਗਮੈਂਟਿਡ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਨਾਲ ਵਿਦਿਆਰਥੀ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ | ਇਸ ਤੋਂ ਇਲਾਵਾ ਫਿਲਪੀਨਜ਼ ਦੀ ਮਾਰੀਆਨੋ ਮਾਰਕੋਸ ਸਟੇਟ ਯੂਨੀਵਰਸਿਟੀ ਅਤੇ ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਨੇ ਵੀ ਚੰਡੀਗੜ੍ਹ ਯੂਨੀਵਰਸਿਟੀ ਨਾਲ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਲਈ ਸਮਝੌਤਾ ਪੱਤਰਾਂ 'ਤੇ ਦਸਤਖ਼ਤ ਕੀਤੇ | ਇਸ ਪ੍ਰੋਗਰਾਮ 'ਚ ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ 'ਚ ਆਸਟ੍ਰੇਲੀਆ, ਕੈਨੇਡਾ, ਫਰਾਂਸ, ਯੂਨਾਈਟਿਡ ਕਿੰਗਡਮ, ਅਮਰੀਕਾ, ਸਿੰਗਾਪੁਰ, ਚੈੱਕ ਗਣਰਾਜ, ਹੰਗਰੀ, ਰੂਸ, ਕਜ਼ਾਕਿਸਤਾਨ, ਮਲੇਸ਼ੀਆ, ਦੱਖਣੀ ਅਫ਼ਰੀਕਾ, ਕੋਲੰਬੀਆ, ਨਾਰਥ ਮੈਸੇਡੋਨੀਆ, ਫਿਲੀਪੀਨਜ਼, ਉਜ਼ਬੇਕਿਸਤਾਨ, ਕਿਰਗਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਇਥੋਪੀਆ ਸਮੇਤ ਕਈ ਹੋਰ ਮੁਲਕ ਸ਼ਾਮਿਲ ਸਨ | ਇਸ ਵਿਸ਼ਵ-ਪੱਧਰੀ ਸਮਾਗਮ 'ਚ 40 ਤੋਂ ਵੱਧ ਵਿਦੇਸ਼ੀ ਯੂਨੀਵਰਸਿਟੀਆਂ ਦੇ 60 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ | ਸਮਾਗਮ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਭਾਰਤ 'ਚ ਰੂਸ ਦੇ ਰਾਜਦੂਤ (ਅੰਬੈਸਡਰ ਐਕਸਟ੍ਰਾਓਰਡੀਨਰੀ ਅਤੇ ਪਲੇਨੀਪੋਟੈਂਸ਼ੀਅਰੀ) ਡੇਨਿਸ ਅਲੀਪੋਵ ਅਤੇ ਭਾਰਤ 'ਚ ਸਪੇਨ ਦੇ ਰਾਜਦੂਤ ਜੁਆਨ ਐਂਟੋਨੀਓ ਮਾਰਚ ਪੁਜੋਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਪ੍ਰੋਵੋਸਟ ਚੇਅਰ ਪ੍ਰੋ. ਮਨੋਜ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਸਮਾਗਮ ਨੇ ਨਾ ਸਿਰਫ਼ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਸ਼ਵ-ਵਿਆਪੀ ਸਾਖ ਨੂੰ ਮਜ਼ਬੂਤ ਕੀਤਾ ਹੈ, ਸਗੋਂ ਭਾਰਤੀ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਰੀਅਰ ਬਣਾਉਣ ਦੇ ਨਵੇਂ ਰਾਹ ਵੀ ਖੋਲ੍ਹੇ ਹਨ |