ਐੱਸ. ਏ. ਐੱਸ. ਨਗਰ, 28 ਮਾਰਚ (ਪ੍ਰੋ. ਅਵਤਾਰ ਸਿੰਘ)-ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਮਨਾਇਆ ਗਿਆ | ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਚੱਲੇ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਭਾਈ ਮਲਕੀਤ ਸਿੰਘ ਦੇ ਇੰਟਰਨੈਸ਼ਨਲ ਪੰਥਕ ਢਾਡੀ ਜਥੇ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਬਾਅਦ 'ਚ ਉਨ੍ਹਾਂ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਦਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ 'ਚ ਵਿਸਥਾਰ ਸਹਿਤ ਸੁਣਾਇਆ | ਇਸ ਉਪਰੰਤ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ, ਜਦਕਿ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਭਾਈ ਲੱਖੀ ਸ਼ਾਹ ਵਣਜਾਰਾ ਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਧੜ ਦਾ ਸਸਕਾਰ ਕਰਨ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ | ਇਸੇ ਦੌਰਾਨ ਬੀਬੀ ਸੁਰਿੰਦਰ ਕੌਰ ਪਟਿਆਲਾ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜਥੇ, ਭਾਈ ਹਰਜਿੰਦਰ ਸਿੰਘ ਕਰਨਾਲ ਵਾਲਿਆਂ, ਭਾਈ ਸੂਬਾ ਸਿੰਘ ਬਰਨਾਲਾ ਵਾਲਿਆਂ, ਭਾਈ ਕੁਲਦੀਪ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਵਾਲਿਆਂ ਤੇ ਭਾਈ ਜਸਵਿੰਦਰ ਸਿੰਘ ਦੇ ਜਥੇ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਹਾਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ |