ਡੇਰਾਬੱਸੀ, 4 ਅਪ੍ਰੈਲ (ਗੁਰਮੀਤ ਸਿੰਘ)-ਕਣਕ ਦੀ ਖ਼ਰੀਦ ਪ੍ਰਕਿਰਿਆ ਸਰਕਾਰ ਵਲੋਂ ਨਿਰਧਾਰਤ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਡੇਰਾਬੱਸੀ ਦੀਆਂ ਧਨੌਨੀ, ਸਮਗੌਲੀ ਤੇ ਅਮਲਾਲਾ ਮੰਡੀਆਂ 'ਚ ਚੌਥੇ ਦਿਨ ਵੀ ਕਣਕ ਦੀ ਫ਼ਸਲ ਨਹੀਂ ਪੁੱਜੀ | ਖੇਤਰ 'ਚ ਕਣਕ ਦੀ ਵਾਢੀ ਅਜੇ ਕਿਸੇ ਪਾਸੇ ਸ਼ੁਰੂ ਨਹੀਂ ਹੋਈ, ਜਦਕਿ ਪਿਛਲੇ ਸਾਲ 7 ਅਪ੍ਰੈਲ ਨੂੰ ਕਣਕ ਮੰਡੀਆਂ 'ਚ ਪਹੁੰਚ ਗਈ ਸੀ | ਮੰਡੀ ਸੁਪਰਵਾਈਜ਼ਰ ਪੰਕਜ ਕੁਮਾਰ ਮੁਤਾਬਿਕ ਆਮ ਤੌਰ 'ਤੇ 24-25 ਮਾਰਚ ਨੂੰ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮੌਸਮ ਠੰਢਾ ਹੋਣ ਕਰਕੇ ਫ਼ਸਲ ਪੂਰੀ ਤਰ੍ਹਾਂ ਪੱਕ ਨਹੀਂ ਸਕੀ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਮੰਡੀ ਬੋਰਡ ਵਲੋਂ ਤਿੰਨੋਂ ਮੰਡੀਆਂ 'ਚ ਸਫ਼ਾਈ, ਬਿਜਲੀ ਅਤੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਫ਼ਸਲ ਦੇ ਆਉਣ ਦਾ ਇੰਤਜ਼ਾਰ ਹੈ | ਸਹੂਲਤਾਂ ਨੂੰ ਤਰਸਦੀ ਡੇਰਾਬੱਸੀ ਦੀ ਸਭ ਤੋਂ ਪੁਰਾਣੀ ਅਮਲਾਲਾ ਮੰਡੀ 'ਚ ਪਿਛਲੇ ਸਾਲ ਥੋੜੇ ਜਿਹੇ ਹਾਲਾਤ ਸੁਧਰ ਗਏ ਸਨ ਕਿਉਂਕਿ ਮੰਡੀ ਬੋਰਡ ਵਲੋਂ ਇਥੇ ਇੱਟਾਂ ਦਾ ਫੜ੍ਹ ਬਣਾਇਆ ਗਿਆ ਸੀ | ਇਸ ਤੋਂ ਪਹਿਲਾਂ ਮੰਡੀ ਦੇ ਨਾਂਅ 'ਤੇ ਸਿਰਫ਼ ਇਕ ਪੁਰਾਣਾ ਲੋਹੇ ਦਾ ਪੋਲ ਮੌਜੂਦ ਸੀ, ਜਿਸ 'ਤੇ ਲਾਈਟ ਲਗਾ ਕੇ ਰੌਸ਼ਨੀ ਕੀਤੀ ਜਾਂਦੀ ਸੀ | ਇਥੇ ਚਾਰਦੀਵਾਰੀ ਜਾਂ ਸ਼ੈੱਡ ਵਰਗੀ ਕੋਈ ਸਹੂਲਤ ਨਹੀਂ ਸੀ ਅਤੇ ਮੀਂਹ ਪੈਣ 'ਤੇ ਅਕਸਰ ਫ਼ਸਲ ਭਿੱਜ ਜਾਂਦੀ ਸੀ ਅਤੇ ਕਿਸਾਨਾਂ ਨੂੰ ਸਿਰ ਛੁਪਾਉਣ ਲਈ ਵੀ ਜਗ੍ਹਾ ਨਹੀਂ ਮਿਲਦੀ ਸੀ |