ਐੱਸ. ਏ. ਐੱਸ. ਨਗਰ, 7 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਹਿੱਤਾਂ 'ਤੇ ਕੇਂਦਰਿਤ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਲਹਿਰ ਖੜ੍ਹੀ ਕਰਨ ਲਈ ਵਚਨਬੱਧ ਰਾਜਸੀ ਜਥੇਬੰਦੀ ਮਿਸਲ ਸਤਲੁਜ 'ਚ ਅੱਜ ਖਰੜ ਦੀ ਸਮਾਜ ਸੇਵੀ ਸ਼ਖ਼ਸੀਅਤ ਹਰਦੀਪ ਸਿੰਘ ਨੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੀ ਅਗਵਾਈ 'ਚ ਸ਼ਾਮਿਲ ਹੋ ਕੇ ਆਪਣੀ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਅਜੇਪਾਲ ਸਿੰਘ ਬਰਾੜ ਨੇ ਹਰਦੀਪ ਸਿੰਘ ਦੀਆਂ ਸਮਾਜਿਕ ਸਰਗਰਮੀਆਂ, ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸੁਚੱਜੀ ਬੋਲਚਾਲ ਦੀ ਯੋਗਤਾ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੂੰ ਮਿਸਲ ਸਤਲੁਜ ਦਾ ਬੁਲਾਰਾ ਨਿਯੁਕਤ ਕੀਤਾ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਹਰਦੀਪ ਸਿੰਘ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ, ਦੂਰਦਰਸ਼ਤਾ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਜਥੇਬੰਦੀ ਦੀ ਆਵਾਜ਼ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ 'ਚ ਵੱਡਮੁੱਲਾ ਯੋਗਦਾਨ ਪਾਉਣਗੇ | ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪੰਜਾਬ ਦੇ ਹਿੱਤਾਂ ਦੀ ਰੱਖਿਆ, ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਔਰਤਾਂ ਨੂੰ ਸਮਾਜਿਕ ਨਿਆਂ ਦੇ ਮਸਲਿਆਂ ਨੂੰ ਉਭਾਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਹੋਰ ਯੋਗ ਸ਼ਖ਼ਸੀਅਤਾਂ ਦਾ ਜਥੇਬੰਦੀ ਨਾਲ ਜੁੜਨਾ ਇਸ ਮਿਸ਼ਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ | ਇਸੇ ਦੌਰਾਨ ਨਵ-ਨਿਯੁਕਤ ਬੁਲਾਰੇ ਹਰਦੀਪ ਸਿੰਘ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਤਹਿਤ ਮਿਸਲ ਸਤਲੁਜ ਦੀ ਵਿਚਾਰਧਾਰਾ ਅਤੇ ਪੰਜਾਬ-ਹਿਤੈਸ਼ੀ ਏਜੰਡੇ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ |