ਐੱਸ. ਏ. ਐੱਸ. ਨਗਰ, 7 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਟੇਟ ਕਰਮਚਾਰੀ ਦਲ ਦੇ ਆਗੂਆਂ ਦੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਲ ਲਈ ਜੰਗਲਾਤ ਵਿਭਾਗ ਦੇ ਪ੍ਰਧਾਨ ਮੁੱਖ ਵਣ ਪਾਲ ਨਾਲ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪ੍ਰਧਾਨ ਮੁੱਖ ਵਣ ਪਾਲ ਆਈ. ਐਫ. ਐਸ ਧਰਮਿੰਦਰ ਸ਼ਰਮਾ ਸਮੇਤ ਵਣ ਵਿਭਾਗ ਦੇ ਅਧਿਕਾਰੀ ਚਰਚਿਲ ਕੁਮਾਰ ਆਈ. ਐਫ. ਐਸ, ਮਹਾਂਵੀਰ ਸਿੰਘ ਆਈ. ਐਫ. ਐਸ., ਵਿਪਨ ਕੁਮਾਰ ਪ੍ਰਬੰਧਕੀ ਅਫ਼ਸਰ, ਇੰਦਰਜੀਤ ਸਿੰਘ ਸੁਪਰਡੈਂਟ, ਜਨਇੰਦਰ ਸਿੰਘ ਸੁਪਰਡੈਂਟ, ਜਦਕਿ ਦਲ ਵਲੋਂ ਪ੍ਰਧਾਨ ਹਰੀ ਸਿੰਘ ਟੌਹੜਾ, ਕਰਨੈਲ ਸਿੰਘ ਰਾਏ, ਤਰਸੇਮ ਸਿੰਘ, ਨੰਦ ਸਿੰਘ, ਅਮਰੀਕ ਸਿੰਘ, ਬੰਤ ਸਿੰਘ ਤੇ ਗੁਰਮੇਲ ਸਿੰਘ ਆਦਿ ਆਗੂ ਸ਼ਾਮਿਲ ਹੋਏ | ਇਸ ਮੌਕੇ ਮੁੱਖ ਵਣ ਪਾਲ ਵਲੋਂ 2023 ਵਿਚ ਰੈਗੂਲਰ ਹੋਏ ਕਰਮਚਾਰੀ ਜਿਨ੍ਹਾਂ ਦਾ ਬਕਾਇਆ ਰਹਿੰਦਾ ਹੈ, ਨੂੰ ਅਪ੍ਰੈਲ ਮਹੀਨੇ ਵਿਚ ਬਕਾਇਆ ਦੇਣ, ਰੈਗੂਲਰ ਹੋਣ ਤੋਂ ਰਹਿੰਦੇ 519 ਕਰਮਚਾਰੀਆਂ ਦੇ ਕੇਸ ਨੂੰ ਮਨਜ਼ੂਰੀ ਲਈ ਭੇਜਣ, ਫ਼ੀਲਡ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਲੋੜੀਂਦੇ ਔਜ਼ਾਰ ਦੇਣ, ਰੈਗੂਲਰ ਫ਼ੀਲਡ ਦੇ ਕਰਮਚਾਰੀਆਂ 'ਚੋਂ ਜਿਨ੍ਹਾਂ ਦੀ ਯੋਗਤਾ ਪੂਰੀ ਹੋਵੇਗੀ, ਉਨ੍ਹਾਂ ਨੂੰ ਬਣਦੀਆਂ ਕੈਟਾਗਰੀਆਂ ਵਾਈਜ਼ ਤਰੱਕੀਆਂ ਦੇਣ, ਜਿਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਰਹਿੰਦੀ ਹੈ, ਉਨ੍ਹਾਂ ਨੂੰ ਲੋੜੀਂਦਾ ਬਜਟ ਦੇਣ ਅਤੇ ਸਵ. ਕਰਮਚਾਰੀਆਂ ਦੇ ਵਾਰਿਸਾਂ ਨੂੰ ਬਣਦੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਗਿਆ |