ਡੇਰਾਬੱਸੀ, 7 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)- ਬੇਮੌਸਮੀ ਬਰਸਾਤ ਨੇ ਕਿਸਾਨਾਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ | ਇਸ ਬਾਰਿਸ਼ ਕਾਰਨ ਜਿਥੇ ਖੇਤਾਂ 'ਚ ਪੱਕ ਕੇ ਤਿਆਰ ਹੋ ਚੁੱਕੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਥੇ ਹੀ ਮੰਡੀਆਂ 'ਚ ਵਿਕਣ ਲਈ ਆਈ ਕਣਕ ਦੀਆਂ ਢੇਰੀਆਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ | ਹਾਲਾਂਕਿ ਹੁਣ ਮੌਸਮ ਸਾਫ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਕਿਸਾਨਾਂ ਲਈ ਫ਼ਿਲਹਾਲ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ | ਜ਼ਿਕਰਯੋਗ ਹੈ ਕਿ ਇਸ ਵਾਰ ਕਣਕ ਦੀ ਸਰਕਾਰੀ ਖ਼ਰੀਦ ਪਹਿਲਾਂ ਹੀ ਚਾਰ ਦਿਨ ਲੇਟ ਸ਼ੁਰੂ ਹੋਈ ਹੈ, ਜਿਸ ਕਾਰਨ ਕਿਸਾਨ ਮੰਡੀਆਂ 'ਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ | ਇਸੇ ਦੌਰਾਨ ਹੋਈ ਲਗਾਤਾਰ ਬਾਰਿਸ਼ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ | ਮੰਡੀਆਂ 'ਚ ਫ਼ਸਲ ਦੀ ਸਾਂਭ-ਸੰਭਾਲ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਆਪਣੀ ਸੋਨੇ ਰੰਗੀ ਫ਼ਸਲ ਨੂੰ ਬਚਾਉਣ ਲਈ ਜਦੋ-ਜ਼ਹਿਦ ਕਰਦੇ ਨਜ਼ਰ ਆਏ | ਗੱਲਬਾਤ ਦੌਰਾਨ ਭਾਵੁਕ ਹੁੰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਫ਼ਸਲ ਨੂੰ ਪੁੱਤਰਾਂ ਵਾਂਗ ਪਾਲਦੇ ਹਨ ਅਤੇ ਇਸ ਨੂੰ ਅੱਖਾਂ ਸਾਹਮਣੇ ਬਰਬਾਦ ਹੁੰਦਾ ਦੇਖ ਕੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ | ਕਿਸਾਨਾਂ ਅਨੁਸਾਰ ਇਕ ਪਾਸੇ ਮੌਸਮ ਦੀ ਮਾਰ ਅਤੇ ਦੂਜੇ ਪਾਸੇ ਸਰਕਾਰੀ ਲਾਪ੍ਰਵਾਹੀ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨਾਂ ਲਈ ਇਹ ਆਰਥਿਕ ਮਾਰ ਸਹਿਣੀ ਔਖੀ ਹੋ ਗਈ ਹੈ | ਪੀੜਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ 'ਚ ਫ਼ਸਲ ਨੂੰ ਢਕਣ ਲਈ ਤਿ੍ਪਾਲਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ |